ਅਬੁੱਲਖੁਰਾਣਾ ਦੀ ਸੁਨੀਤਾ ਨੇ ਕੌਮੀ ਪੱਧਰ ਦੇ ਮੁਕਾਬਲਿਆਂ 'ਚ ਦੋ ਸੋਨ ਤਗ਼ਮੇ ਜਿੱਤੇ
ਅਜੀਤ ਡੈਸਕ
18-02-2026
ਮਲੋਟ, 17 ਫ਼ਰਵਰੀ (ਅਜਮੇਰ ਸਿੰਘ ਬਰਾੜ)-ਪਿੰਡ ਅਬੁੱਲਖੁਰਾਣਾ ਦੇ ਵਸਨੀਕ ਮਹਿੰਗਾ ਸਿੰਘ ਦੀ ਹੋਣਹਾਰ ਧੀ ਸੁਨੀਤਾ ਨੇ ਦਿੱਲੀ ਵਿਖੇ ਹੋਈਆਂ ਕੌਮੀ ਪੱਧਰ ਦੀਆਂ ਖੇਡਾਂ 'ਚੋਂ ਦੋ ਸੋਨ ਤਗ਼ਮੇ ਜਿੱਤ ਕੇ ਪਿੰਡ ਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ | ਵਿਦਿਆਰਥਣ ਸੁਨੀਤਾ ਨੇ ਦੱਸਿਆ ਕਿ ਉਹ ਪਿੰਡ ਅਬੁੱਲਖੁਰਾਣਾ ਦੀ ਵਸਨੀਕ ਹੈ ਅਤੇ ਆਰਥਿਕ ਪੱਖੋਂ ਪਛੜੇ ਹੋਣ ਦੇ ਬਾਵਜੂਦ ਵੀ ਖ਼ੁਦ ਆਪਣੀ ਮਿਹਨਤ ਦੇ ਸਦਕਾ ਦਿੱਲੀ ਵਿਖੇ ਹੋਈਆਂ ਕੌਮੀ ਪੱਧਰ ਦੀਆਂ ਖੇਡਾਂ 'ਚੋਂ ਅਥਲੈਟਿਕਸ 5 ਹਜ਼ਾਰ ਕਿੱਲੋਮੀਟਰ ਅਤੇ 800 ਮੀਟਰ ਦੀ ਦੌੜ 'ਚ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਦੋ ਸੋਨ ਤਗ਼ਮੇ ਪ੍ਰਾਪਤ ਕੀਤੇ ਹਨ | ਸੁਨੀਤਾ ਨੇ ਦੱਸਿਆ ਕਿ ਉਹ ਪ੍ਰਾਈਵੇਟ ਤੌਰ 'ਤੇ ਬੀ.ਏ. ਫਾਈਨਲ ਦੀ ਵਿਦਿਆਰਥਣ ਹੈ ਅਤੇ ਪਿੰਡ ਦੇ ਹੀ ਕੋਚ ਗੁਰਪ੍ਰੀਤ ਸਿੰਘ ਦੀ ਰਹਿਨੁਮਈ ਹੇਠ ਉਸ ਨੇ ਤਿਆਰੀ ਕਰਕੇ ਇਸ ਕੌਮੀ ਪੱਧਰ ਦੀਆਂ ਖੇਡਾਂ ਵਿਚ ਹਿੱਸਾ ਲਿਆ | ਸੁਨੀਤਾ ਨੇ ਸਕੂਲ ਪੱਧਰ ਤੋਂ ਹੀ ਚੰਗੀ ਦੌੜਾਕ ਵਜੋਂ ਆਪਣੀ ਪਹਿਚਾਣ ਬਣਾਈ ਹੈ ਅਤੇ ਹੁਣ ਸਕੂਲ ਗੇਮਸ ਐਂਡ ਐਕਟੀਵਿਟੀ ਡਿਵੈਲਪਮੈਂਟ ਵਲੋਂ ਆਲ ਇੰਡੀਆ ਚੈਂਪੀਅਨਸ਼ਿਪ ਵਿਚ ਭਾਗ ਲੈਂਦਿਆਂ ਉਸ ਨੇ ਇਹ ਪ੍ਰਾਪਤੀ ਕੀਤੀ ਹੈ | ਉਨ੍ਹਾਂ ਦੱਸਿਆ ਕਿ ਉਹ ਦਿਹਾੜੀ ਕਰਕੇ ਆਪਣਾ ਪੜ੍ਹਾਈ ਤੇ ਪਰਿਵਾਰ ਦੀ ਵੀ ਮਦਦ ਕਰਦੀ ਹੈ ਅਤੇ ਉਨ੍ਹਾਂ ਦਾ ਪਰਿਵਾਰ ਵੀ ਦਿਹਾੜੀ ਦਾ ਕੰਮ ਕਰਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਮੇਂ ਦੀ ਸਰਕਾਰ ਉਸ ਦੀ ਤੇ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਕਰੇ ਤਾਂ ਉਹ ਕੌਮਾਂਤਰੀ ਪੱਧਰ 'ਤੇ ਚੰਗੀ ਦੌੜਾਕ ਬਣਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਉਸ ਵਰਗੇ ਲੋੜਵੰਦ ਬੱਚਿਆਂ ਦੀ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਬੱਚੇ ਨਸ਼ਿਆਂ ਵੱਲ ਨਹੀਂ, ਸਗੋਂ ਖੇਡਾਂ ਵੱਲ ਰੁਚਿਤ ਹੋਣ | ਉਨ੍ਹਾਂ ਕਿਹਾ ਕਿ ਅਕਸਰ ਆਰਥਿਕ ਤੰਗੀਆਂ ਕਰਕੇ ਉਸ ਵਰਗੇ ਬੱਚੇ ਪਿੱਛੇ ਰਹਿ ਜਾਂਦੇ ਹਨ | ਉਨ੍ਹਾਂ ਸਰਕਾਰ ਤੋਂ ਫ਼ਿਰ ਮੰਗ ਕੀਤੀ ਕਿ ਉਸ ਨੂੰ ਚੰਗਾ ਕੋਚ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਰਕਾਰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰੇ ਤਾਂ ਜੋ ਉਹ ਕੌਮਾਂਤਰੀ ਪੱਧਰ 'ਤੇ ਪਹੁੰਚ ਸਕੇ | ਪਿੰਡ ਦੇ ਮੈਂਬਰ ਪੰਚਾਇਤ ਜਸਕਰਨ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਵੀ ਇਸ ਵਿਦਿਆਰਥਣ ਦੀ ਹਮਾਇਤ ਕਰਦਿਆਂ ਕਿਹਾ ਕਿ ਉਸ ਨੂੰ ਆਰਥਿਕ ਮਦਦ ਦੀ ਸਖ਼ਤ ਲੋੜ ਹੈ | ਜੇਕਰ ਅਜਿਹੀ ਹੋਣਹਾਰ ਧੀ ਨੂੰ ਸਰਕਾਰ ਜਾਂ ਅੱਜ ਕੋਈ ਸੰਸਥਾ ਆਰਥਿਕ ਪੱਖੋਂ ਮਦਦ ਕਰੇ ਤਾਂ ਯਕੀਨਨ ਸੁਨੀਤਾ ਹੋਰ ਵੱਡੇ ਪੱਧਰ 'ਤੇ ਜ਼ਿਕਰਯੋਗ ਪ੍ਰਾਪਤੀਆਂ ਕਰ ਸਕਦੀ ਹੈ | ਪੰਚ ਜਸਕਰਨ ਸਿੰਘ ਨੇ ਪਿੰਡ ਵਾਸੀਆਂ ਵਲੋਂ ਵੀ ਇਹ ਅਪੀਲ ਕੀਤੀ ਕਿ ਅਜਿਹੀ ਹੋਣਹਾਰ ਧੀ ਨੂੰ ਸਰਕਾਰ ਅਪਣਾਏ ਅਤੇ ਉਸ ਨੂੰ ਖੇਡਣ ਦੇ ਮੌਕੇ ਪ੍ਰਦਾਨ ਕਰਵਾਏੇ ਤਾਂ ਜੋ ਸਾਡੇ ਪੰਜਾਬ ਦਾ ਨਾਂਅ ਉਚਾ ਹੋਵੇਗਾ | ਇਸ ਮੌਕੇ ਸੁਨੀਤਾ ਦੇ ਪਿਤਾ ਮਹਿੰਗਾ ਸਿੰਘ ਨੇ ਵੀ ਕਿਹਾ ਕਿ ਉਸ ਦੀ ਧੀ ਨੂੰ ਆਰਥਿਕ ਮਦਦ ਦੀ ਸਖ਼ਤ ਜ਼ਰੂਰਤ ਹੈ | ਇਸ ਲਈ ਸਰਕਾਰ ਉਸ ਦੀ ਧਿਰ ਬਣੇ ਅਤੇ ਉਸ ਦੀ ਖੇਡ ਭਾਵਨਾ ਨੂੰ ਦੇਖਦਿਆਂ ਉਸ ਨੂੰ ਅੱਗੇ ਵਧਣ ਦੇ ਮੌਕੇ ਮਿਲ ਸਕਣ |