ਲੰਬੀ, 17 ਫ਼ਰਵਰੀ (ਮੇਵਾ ਸਿੰਘ)-ਬਿਜ਼ਲੀ ਮੁਲਾਜ਼ਮਾਂ ਵਲੋਂ ਮੰਡਲ ਦਫ਼ਤਰ ਬਾਦਲ ਵਿਖੇ ਬਿਜਲੀ ਬੋਰਡ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਰੈਲੀ ਕਰਦਿਆਂ ਸਰਕਾਰ ਤੇ ਮੈਨੇਜਮੈਂਟ ਦੀ ਅਰਥੀ ਫ਼ੂਕੀ ਗਈ | ਆਗੂਆਂ ਨੇ ਦੱਸਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਤੇ ਸਾਂਝੇ ਥੜੇ/ਪੈਨਸ਼ਨਰਜ਼ ਜਥੇਬੰਦੀਆਂ ਨਾਲ 14 ਜਨਵਰੀ ਨੂੰ ਹੋਈ ਮੀਟਿੰਗ ਵਿਚ ਮੁਲਾਜ਼ਮ ਮਸਲਿਆਂ ਦਾ ਹੱਲ ਕਰਨ ਅਤੇ ਬਿਜਲੀ ਨਿਗਮ ਦੀਆਂ ਕੀਮਤੀ ਜਾਇਦਾਦਾਂ ਨਾ ਵੇਚਣ ਦਾ ਭਰੋਸਾ ਦਿੱਤਾ ਸੀ, ਜਦਕਿ ਦਿੱਤੇ ਭਰੋਸੇ ਦੇ ਉਲਟ ਬੰਡੂਗਰ ਜ਼ਿਲ੍ਹਾ ਪਟਿਆਲਾ ਦੀ 50 ਏਕੜ ਜ਼ਮੀਨ ਨੂੰ ਪਾਵਰ ਮੈਨੇਜਮੈਂਟ ਵਲੋਂ ਪੁੱਡਾ ਦੇ ਨਾਂਅ ਤਬਦੀਲ ਕਰ ਦਿੱਤੀ, ਜਿਸ ਦੇ ਵਿਰੋਧ ਵਿਚ ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਏ.ਓ.ਜੇ.ਈਜ. ਦੇ ਫ਼ੈਸਲੇ ਅਨੁਸਾਰ ਜਾਇਦਾਦਾਂ ਵੇਚਣ ਤੋਂ ਰੋਕਣ ਅਤੇ ਹੋਰ ਮੰਗਾਂ-ਮਸਲਿਆਂ ਦੇ ਹੱਲ ਲਈ ਅੱਜ ਮੰਡਲ ਬਾਦਲ ਵਿਖੇ ਮੈਨੇਜਮੈਂਟ ਦੀ ਅਰਥੀ ਫ਼ੂਕ ਕੇ ਰੋਸ ਰੈਲੀ ਕੀਤੀ ਗਈ | ਇਸ ਮੌਕੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੇਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਰਕਲ ਪ੍ਰਧਾਨ ਵਰਿੰਦਰ ਸਿੰਘ ਬਾਜਵਾ (ਸ੍ਰੀ ਮੁਕਤਸਰ ਸਾਹਿਬ), ਟੈਕਨੀਕਲ ਸਰਵਿਸ ਯੂਨੀਅਨ ਭੰਗਲ ਗਰੁੱਪ ਦੇ ਮੰਡਲ ਪ੍ਰਧਾਨ ਸੱਤਪਾਲ ਬਾਦਲ, ਪੈਨਸ਼ਨਰਜ ਆਫ਼ ਐਸੋਸੀਏਸ਼ਨ ਬਾਦਲ ਦੇ ਸਕੱਤਰ ਦਿਲਾਵਰ ਸਿੰਘ, ਸੀਨੀਅਰ ਮੀਤ ਪ੍ਰਧਾਨ ਪ੍ਰਕਾਸ਼ ਚੰਦ ਸਮੇਤ ਹੋਰ ਵੱਖ-ਵੱਖ ਬੁਲਾਰਿਆਂ ਨੇ ਹਾਜ਼ਰੀ ਲਵਾਈ | ਸਟੇਜ ਦੀ ਕਰਵਾਈ ਸੁਖਵੀਰ ਸਿੰਘ ਨੇ ਸੰਭਾਲੀ |