ਗਿੱਦੜਬਾਹਾ, 27 ਫ਼ਰਵਰੀ (ਸ਼ਿਵਰਾਜ ਸਿੰਘ ਬਰਾੜ)-ਨਗਰ ਕੌਂਸਲ ਗਿੱਦੜਬਾਹਾ ਦੇ ਸਾਬਕਾ ਪ੍ਰਧਾਨ ਰਾਜੇਸ਼ ਕੁਮਾਰ ਬਿੱਟੂ ਗਾਂਧੀ ਵਲੋਂ ਗਿੱਦੜਬਾਹਾ ਦੇ ਸਿਟੀ ਕਲੱਬ ਵਿਚ ਕਰੋੜਾਂ ਦੇ ਕਥਿਤ ਨਾਜਾਇਜ਼ ਜੂਆ ਚਲਾਉਣ ਦੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ | ਜ਼ਿਕਰਯੋਗ ਹੈ ਕਿ ਗਿੱਦੜਬਾਹਾ ਵਿਖੇ ਪੁਰਾਤਨ ਸਿਟੀ ਕਲੱਬ ਬਣਿਆ ਹੋਇਆ ਹੈ, ਜਿਸ ਦੇ ਮੈਂਬਰ ਅਕਸਰ ਕੁਝ ਚੋਣਵੇਂ ਰਹੀਸ਼ਜਾਦੇ ਹੀ ਬਣਦੇ ਸਨ ਅਤੇ ਕਲੱਬ ਵਿਚ ਦਿਨ ਦੀ ਥਕਾਵਟ ਲਾਹੁਣ ਲਈ ਅਕਸਰ ਸ਼ਾਮ ਸਮੇਂ ਸਾਧਾਰਨ ਜਿਹਾ ਮਨੋਰੰਜਨ ਕਰਿਆ ਕਰਦੇ ਸਨ | ਇਹ ਵੀ ਪਤਾ ਲੱਗਿਆ ਹੈ ਕਿ ਲੋਕ ਆਪਣੇ ਪਰਿਵਾਰਾਂ ਸਮੇਤ ਰਾਤ ਦਾ ਖਾਣਾ ਵੀ ਕਰਦੇ ਸਨ | ਸਮੇਂ ਦੇ ਬਦਲਾਅ ਕਾਰਨ ਹੁਣ ਕਲੱਬ ਦੇ ਮਾਹਣੇ ਬਦਲਦੇ ਦਿਖਾਈ ਦੇ ਰਹੇ ਹਨ ਤੇ ਕਲੱਬ ਕੁਝ ਮਹੀਨਿਆਂ ਤੋਂ ਚਰਚਾ ਵਿਚ ਚੱਲਿਆ ਆ ਰਿਹਾ ਹੈ | ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜੇਸ਼ ਕੁਮਾਰ ਬਿੱਟੂ ਗਾਂਧੀ ਨੇ ਦੱਸਿਆ ਕਿ ਕੁਝ ਮਹੀਨਿਆਂ ਤੋਂ ਸਿਟੀ ਕਲੱਬ ਵਿਚ ਕੁਝ ਕਥਿਤ ਗ਼ੈਰ-ਕਾਨੂੰਨੀ ਕਾਰਜ ਚੱਲ ਰਹੇ ਹਨ | ਕਲੱਬ ਆਪਣੀਆਂ ਪੁਰਾਤਨ ਰਵਾਇਤਾਂ ਤੋਂ ਕੋਹਾਂ ਦੂਰ ਹੁਣ ਜੂਏ ਦਾ ਅੱਡਾ ਬਣ ਗਿਆ ਹੈ | ਕਿਸੇ ਸਮੇਂ ਕਲੱਬ ਵਿਚ ਕੁਝ ਅਮੀਰਜਾਦਿਆਂ ਵਲੋਂ ਸੱਭਿਅਕ ਤੌਰ ਤਰੀਕੇ ਅਨੁਸਾਰ ਆਪਣਾ ਮਨੋਰੰਜਨ ਕੀਤਾ ਜਾਂਦਾ ਸੀ ਅਤੇ ਪਰਿਵਾਰ ਆਪਣਾ ਰਾਤ ਦੇ ਖਾਣੇ ਦਾ ਆਨੰਦ ਲਿਆ ਕਰਦੇ ਸਨ | ਸ਼ਹਿਰ ਦੇ ਵਿਚਕਾਰ ਬਣੇ ਸਿਟੀ ਕਲੱਬ ਦੀ ਇਕ ਦੀਵਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਦੂਜੇ ਪਾਸੇ ਡੀ. ਏ. ਵੀ. ਕਾਲਜ ਤੋਂ ਇਲਾਵਾ ਕਈ ਧਾਰਮਿਕ ਅਸਥਾਨ ਬਣੇ ਹਨ | ਦੁੱਖ ਦੀ ਗੱਲ ਇਹ ਹੈ ਕਿ ਕਲੱਬ ਅੰਦਰ ਕਈ ਕਰੋੜਾਂ ਦਾ ਜੂਆ ਖੇਡਿਆ ਜਾ ਰਿਹਾ ਹੈ | ਦੂਰ ਦੇ ਸ਼ਹਿਰਾਂ ਤੇ ਗੁਆਂਢੀ ਸੂਬੇ ਹਰਿਆਣਾ ਤੇ ਰਾਜਸਥਾਨ ਤੋਂ ਅਮੀਰਜਾਦੇ ਜੂਆ ਖੇਡਣ ਲਈ ਆਉਂਦੇ ਹਨ, ਜਿਸ ਦਾ ਪ੍ਰਤੱਖ ਪ੍ਰਮਾਣ ਇਹ ਹੈ ਕਿ ਕਲੱਬ ਦੇ ਕੋਲ ਅਤੇ ਨਜ਼ਦੀਕ ਕੌਂਸਲ ਦੀ ਜਗ੍ਹਾ 'ਤੇ ਤਿੰਨ-ਚਾਰ ਦਰਜਨ ਵੱਡੀਆਂ-ਵੱਡੀਆਂ ਲਗਜ਼ਰੀ ਗੱਡੀਆਂ ਸਵੇਰ ਤੋਂ ਦੇਰ ਰਾਤ ਤੱਕ ਖੜ੍ਹੀਆਂ ਦਿਖਾਈ ਦਿੰਦੀਆਂ ਹਨ | ਸ੍ਰੀ ਗਾਂਧੀ ਨੇ ਕਿਹਾ ਕਿ ਕਲੱਬ 'ਚ ਬਣੇ ਅਜਿਹੇ ਮਾੜੇ ਮਾਹੌਲ ਦਾ ਮਾੜਾ ਅਸਰ ਨੌਜਵਾਨ ਪੀੜ੍ਹੀ ਅਤੇ ਸ਼ਹਿਰ ਵਾਸੀਆਂ 'ਤੇ ਪੈ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗ਼ੈਰਕਾਨੂੰਨੀ ਧੰਦੇ ਨੂੰ ਬੰਦ ਕਰਵਾਇਆ ਜਾਵੇ | ਇਸ ਸੰਬੰਧੀ ਸਿਟੀ ਕਲੱਬ ਦੇ ਮੈਨੇਜਰ ਨਰਿੰਦਰ ਗੁੰਬਰ ਨੇ ਉਕਤ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਤੇ ਝੂਠਾ ਦੱਸਦਿਆਂ ਕਿਹਾ ਕਿ ਉਹ ਕਲੱਬ 'ਚ 20 ਸਾਲਾਂ ਤੋਂ ਮੈਨੇਜਰ ਹਨ | ਇਹ ਸਿਰਫ਼ ਸਮੇਂ-ਸਮੇਂ 'ਤੇ ਵਿਰੋਧੀ ਸਿਆਸੀ ਖਹਿਬਾਜ਼ੀ ਕਾਰਨ ਨਾਜਾਇਜ਼ ਦੋਸ਼ ਲਗਦੇ ਆ ਰਹੇ ਹਨ | ਕਲੱਬ ਸ਼ਾਮ 5 ਵਜੇ ਖੁੱਲ੍ਹਦਾ ਹੈ ਤੇ ਮੈਂਬਰ ਖਾਣ-ਪੀਣ ਦਾ ਮੰਨੋਰਜਨ ਕਰਦੇ ਹਨ | ਉਨ੍ਹਾਂ ਇਨ੍ਹਾਂ ਜ਼ਰੂਰ ਮੰਨਿਆਂ ਕਿ ਕਲੱਬ ਦੇ ਮੈਂਬਰ ਮਾੜੀ-ਮੋਟੀ 'ਰੰਮੀ' ਖੇਡ ਕੇ ਟਾਈਮ ਪਾਸ ਕਰਦੇ ਹਨ | ਉਨ੍ਹਾਂ ਦੱਸਿਆ ਕਿ ਕਲੱਬ ਅੰਦਰ ਇੰਨਡੋਰ ਸਟੇਡੀਅਮ ਹੈ, ਜਿਥੇ ਕਲੱਬ ਮੈਂਬਰ, ਬੱਚੇ ਖੇਡਣ ਤੇ ਜਿੰਮ ਲਗਾਉਣ ਲਈ ਆਉਂਦੇ ਹਨ | ਉਨ੍ਹਾਂ ਕਿਹਾ ਕਿ ਕਲੱਬ ਅੰਦਰ ਆਉਣ ਦੀ ਕਿਸੇ ਨੂੰ ਵੀ ਕੋਈ ਮਨਾਹੀ ਨਹੀ ਹੈ |