17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਐੱਸ. ਡੀ. ਐੱਮ. ਦਫ਼ਤਰ ਅੱਗੇ ਧਰਨਾ

ਅਜੀਤ ਡੈਸਕ 16-04-2026
ਗਿੱਦੜਬਾਹਾ, 15 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਹਲਕੇ ਦੀਆਂ ਅਨਾਜ ਮੰਡੀਆਂ 'ਚ ਕਣਕ ਦੇ ਅੰਬਾਰ ਲੱਗ ਗਏ ਹਨ | ਖ਼ਰੀਦ ਏਜੰਸੀਆਂ ਵਲੋਂ ਕਣਕ ਖ਼ਰੀਦ ਮਾਪਦੰਡਾਂ 'ਤੇ ਪੂਰਾ ਨਾ ਉਤਰਨ ਦਾ ਬਹਾਨਾ ਲਗਾਇਆ ਜਾ ਰਿਹਾ ਹੈ | ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਕਣਕ ਦੀ ਖ਼ਰੀਦ ਸ਼ੁਰੂ ਕਰਨ ਨੂੰ ਲੈ ਕੇ ਐੱਸ.ਡੀ.ਐੱਮ. ਦਫ਼ਤਰ ਗਿੱਦੜਬਾਹਾ ਅੱਗੇ ਰੋਸ ਧਰਨਾ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਇਸ ਵਾਰ ਮੌਸਮ ਦੀ ਬੇਰੁਖ਼ੀ ਕਾਰਨ ਗੜੇ੍ਹਮਾਰੀ ਨੇ ਕਿਸਾਨਾਂ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ | ਇਸ ਤੋਂ ਪਹਿਲਾਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ 'ਚ ਵੀ ਮਾਰ ਝੱਲਣੀ ਪਈ ਸੀ | ਕਣਕ ਦੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ ਤੇ ਖ਼ਰੀਦ ਦਾ ਰਸਮੀ ਉਦਘਾਟਨ ਹਲਕਿਆਂ ਦੇ ਵਿਧਾਇਕਾਂ ਵਲੋਂ ਸ਼ੁਰੂ ਕੀਤਾ ਜਾ ਚੁੱਕਾ ਹੈ | ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਯੂਥ ਵਿੰਗ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੇਤਾ ਨੇ ਕਿਹਾ ਕਿ ਹਲਕਾ ਵਿਧਾਇਕਾਂ ਵਲੋਂ ਕਣਕ ਦੀ ਖ਼ਰੀਦ ਸ਼ੁਰੂ ਕਰਕੇ ਅਖ਼ਬਾਰਾਂ ਤੇ ਸੋਸ਼ਲ ਮੀਡੀਆ ਵਿਚ ਵਾਹ-ਵਾਹ ਖੱਟ ਲਈ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕਿਸਾਨ ਦਾ ਇਕ ਦਾਣਾ ਵੀ ਨਹੀਂ ਖ਼ਰੀਦਿਆ ਜਾ ਰਿਹਾ | ਮੌਸਮ ਠੀਕ ਹੋਣ ਉਪਰੰਤ ਕਣਕ ਦੀ ਵਾਢੀ ਜ਼ੋਰਾਂ ਨਾਲ ਸ਼ੁਰੂ ਹੋ ਗਈ ਹੈ, ਪਰ 15 ਦਿਨ ਬੀਤ ਜਾਣ ਦੇ ਬਾਵਜੂਦ ਕਣਕ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ | ਕੇਂਦਰੀ ਖ਼ਰੀਦ ਏਜੰਸੀ ਦੀਆਂ ਟੀਮਾਂ ਅਨਾਜ ਮੰਡੀਆਂ ਦਾ ਦੌਰਾ ਕਰਕੇ ਕਣਕ ਦੀ ਗੁਣਵੱਤਾ ਪ੍ਰਖਣ ਲਈ ਸੈਂਪਲ ਲੈ ਰਹੀਆਂ ਹਨ | ਗਿੱਦੜਬਾਹਾ ਸਮੇਤ ਪਿੰਡਾਂ ਦੇ 29 ਖ਼ਰੀਦ ਕੇਂਦਰ ਹਨ | ਮੰਡੀਆਂ 'ਚ ਕਣਕ ਦੇ ਅੰਬਾਰ ਲੱਗ ਗਏ ਹਨ | ਕਿਸਾਨ 10 ਦਿਨਾਂ ਤੋਂ ਸੁੱਕੀ ਕਣਕ ਵੇਚਣ ਲਈ ਮੰਡੀਆਂ 'ਚ ਬੈਠੇ ਹਨ | ਨਿੱਜੀ ਵਪਾਰੀ ਧੜਾ-ਧੜ ਕਣਕ ਦੀ ਖ਼ਰੀਦ ਕਰ ਰਹੇ ਹਨ, ਪਰ ਅਸਚਰਜ ਦੀ ਗੱਲ ਇਹ ਹੈ ਕਿ ਸਰਕਾਰੀ ਖ਼ਰੀਦ ਸ਼ੁਰੂ ਕਰਨ ਵਿਚ ਢਿੱਲ-ਮੱਠ ਵਰਤੀ ਜਾ ਰਹੀ ਹੈ | ਕਿਸਾਨ ਕੁਦਰਕ ਦੀ ਮਾਰ ਉਪਰੰਤ ਹੁਣ ਸਰਕਾਰਾਂ ਦੀ ਬੇਰੁਖ਼ੀ ਦੀ ਮਾਰ ਝੱਲ ਰਿਹਾ ਹੈ | ਹਲਕਾ ਪ੍ਰਧਾਨ ਨਾਨਕ ਸਿੰਘ ਨੇ ਕਿਹਾ ਕਿ ਸਰਕਾਰਾਂ ਵਲੋਂ ਨਿੱਜੀ ਘਰਾਣਿਆਂ ਨੂੰ ਫ਼ਾਇਦਾ ਦਿੱਤਾ ਜਾ ਰਿਹਾ ਹੈ | ਨਿੱਜੀ ਵਪਾਰੀ ਕਣਕ ਖ਼ਰੀਦ ਰਹੇ ਹਨ, ਪਰ ਸਰਕਾਰੀ ਖ਼ਰੀਦ ਏਜੰਸੀਆਂ ਕਣਕ ਵਿਚ ਨਮੀ ਦਾ ਬਹਾਨਾ ਇਸ ਲਈ ਲਗਾ ਰਹੇ ਹਨ ਕਿ ਵਪਾਰੀ ਵੱਧ ਤੋਂ ਵੱਧ ਕਣਕ ਦੀ ਖ਼ਰੀਦ ਕਰਨ 'ਚ ਸਫ਼ਲ ਹੋ ਜਾਣ, ਜਿਸ ਦਾ ਨੁਕਸਾਨ ਕਿਸਾਨ ਤੇ ਆੜ੍ਹਤੀਆ ਭਰਾਵਾਂ ਨੂੰ ਹੋ ਰਿਹਾ ਹੈ | ਕਿਸਾਨ ਪਹਿਲਾਂ ਗੜ੍ਹੇਮਾਰੀ ਤੇ ਹੁਣ ਸਰਕਾਰ ਦੀਆਂ ਗ਼ਲਤ ਨੀਤੀਆਂ ਦਾ ਸ਼ਿਕਾਰ ਹੋ ਰਿਹਾ ਹੈ | ਆਗੂਆਂ ਨੇ ਕਿਹਾ ਕਿ ਜੇਕਰ ਕਣਕ ਦੀ ਖ਼ਰੀਦ ਜਲਦ ਸ਼ੁਰੂ ਨਾ ਕੀਤੀ ਗਈ, ਤਾਂ ਆਉਣ ਵਾਲੇ ਦਿਨਾਂ 'ਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ | ਮਾਰਕੀਟ ਕਮੇਟੀ ਗਿੱਦੜਬਾਹਾ ਦੇ ਸਕੱਤਰ ਅਨਿੱਲ ਖੁੰਗਰ ਨੇ ਦੱਸਿਆ ਕਿ 14 ਅਪ੍ਰੈਲ ਤੱਕ 12 ਹਜ਼ਾਰ ਮੀਟਿ੍ਕ ਟਨ ਕਣਕ ਦੀ ਆਮਦ ਹੋਈ ਹੈ ਤੇ ਵੱਖ-ਵੱਖ ਏਜੰਸੀਆਂ ਵਲੋਂ 325 ਮੀਟਿ੍ਕ ਟਨ ਕਣਕ ਖ਼ਰੀਦੀ ਗਈ ਹੈ | ਇਸ ਮੌਕੇ ਕਿਸਾਨ ਆਗੂ ਕੁਲਦੀਪ ਸਿੰਘ ਕੀਪਾ, ਦਰਸ਼ਨ ਸਿੰਘ ਸਰਾਂ ਪ੍ਰਧਾਨ ਜੱਟ ਮਹਾਂ ਸਭਾ ਪੰਜਾਬ ਤੋਂ ਇਲਾਵਾ ਕਿਸਾਨ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਅੰਬੇਡਕਰ ਅਪਾਹਜ ਵੈਲਫੇਅਰ ਸੁਸਾਇਟੀ ਸਭਾ ਦੀ ਮੀਟਿੰਗ ਅਗਲੀ ਖ਼ਬਰ ਅੱਗ ਲੱਗਣ ਕਾਰਨ ਕਰੀਬ 27 ਏਕੜ ਕਣਕ ਸੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।