ਮਲੋਟ, 29 ਅਪ੍ਰੈਲ (ਪਾਟਿਲ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਵਿਚਲੀ ਕੋਠੀ ਦੇ ਘਿਰਾਓ ਲਈ ਬੇਰੁਜ਼ਗਾਰ ਸਾਂਝੇ ਮੋਰਚੇ ਵਲੋਂ ਬੇਰੁਜ਼ਗਾਰਾਂ ਨੂੰ ਲਾਮਬੰਦ ਕਰਨ ਲਈ ਤਿਆਰੀਆਂ ਤੇਜ਼ ਕੀਤੀਆਂ ਹਨ | ਇਸੇ ਤਹਿਤ ਸਥਾਨਕ ਰਵੀਦਾਸ ਭਵਨ ਮਲੋਟ ਵਿਖੇ ਸਾਂਝੇ ਮੋਰਚੇ ਦੇ ਸੂਬਾ ਕਨਵੀਨਰ ਰਮਨ ਕੁਮਾਰ ਮਲੋਟ ਅਤੇ ਮੁਨੀਸ਼ ਫਾਜਿਲਕਾ ਦੀ ਅਗਵਾਈ ਵਿਚ ਭਰਵੀਂ ਮੀਟਿੰਗ ਹੋਈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਸਿੱਖਿਆ ਅਤੇ ਸਿਹਤ ਵਿਭਾਗ ਵਿਚ ਖਾਲੀ ਪਈਆਂ ਅਸਾਮੀਆਂ ਭਰਨ, ਉਮਰ ਹੱਦ ਛੋਟ ਲੈਣ ਆਦਿ ਮੰਗਾਂ ਲਈ ਉਨ੍ਹਾਂ ਦਾ ਪੱਕਾ ਮੋਰਚਾ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪਿਛਲੇ ਕਰੀਬ ਚਾਰ ਮਹੀਨੇ ਤੋਂ ਜਾਰੀ ਹੈ | ਉਹ ਆਪਣੀਆਂ ਮੰਗਾਂ ਲਈ ਦਰਜਨਾਂ ਵਾਰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾਕੇ ਰੋਸ ਪ੍ਰਦਰਸ਼ਨ ਕਰ ਚੁੱਕੇ ਹਨ | ਹੁਣ ਉਹ ਮਜ਼ਦੂਰ ਦਿਵਸ ਮੌਕੇ ਇੱਕ ਮਈ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ | ਇਸ ਮੌਕੇ ਸੁਨੀਲ ਕੁਮਾਰ, ਅਸ਼ੋਕ ਕਟਾਰੀਆ, ਗਗਨ ਮਲੋਟ, ਸ਼ੁਰੇਸ਼ ਅਤੇ ਸੋਮਾ ਰਾਣੀ ਮਲੋਟ ਆਦਿ ਹਾਜ਼ਰ ਸਨ |