ਸ੍ਰੀ ਮੁਕਤਸਰ ਸਾਹਿਬ, 29 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਵਿਜ਼ਡਮ ਵਰਲਡ ਸਕੂਲ ਥਾਂਦੇਵਾਲਾ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਹੋਣਹਾਰ ਅਤੇ ਮਿਹਨਤੀ ਵਿਦਿਆਰਥੀ ਆਰਵ ਖੇੜਾ ਨੇ ਆਪਣੀ ਕਾਬਲੀਅਤ ਅਤੇ ਲਗਨ ਨਾਲ ਖੇਡ ਮੈਦਾਨ ਵਿਚ ਵੱਡੀ ਉਪਲੱਬਧੀ ਹਾਸਿਲ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਗਿੱਦੜਬਾਹਾ ਦੇ ਮਾਲਵਾ ਸਕੂਲ ਵਿਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਆਰਵ ਖੇੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉੱਚੀ ਛਾਲ, ਟਿ੍ਪਲ ਜੰਪ ਅਤੇ 100 ਮੀਟਰ ਦੌੜ ਵਿਚ ਤਿੰਨ ਸੋਨੇ ਦੇ ਤਗਮੇ ਜਿੱਤ ਕੇ ਇਤਿਹਾਸ ਰਚ ਦਿੱਤਾ | ਉਸ ਦੀ ਇਸ ਕਾਮਯਾਬੀ ਨੇ ਨਾ ਸਿਰਫ਼ ਸਕੂਲ ਨੂੰ ਮਾਣਵਾਨ ਬਣਾਇਆ, ਸਗੋਂ ਪੂਰੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜਾ ਦਿੱਤੀ | ਇਸ ਮੌਕੇ ਆਰਵ ਦੀ ਲਗਾਤਾਰ ਮਿਹਨਤ ਅਤੇ ਸਮਰਪਣ ਦੀ ਵੀ ਸਰਾਹਨਾ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਉਸ ਨੇ ਪਿਛਲੇ ਸਾਲ ਦੇ ਸਟੇਟ ਟੂਰਨਾਮੈਂਟ ਦੇ ਟਿ੍ਪਲ ਜੰਪ ਵਿਚ ਬਣਿਆ ਰਿਕਾਰਡ ਵੀ ਤੋੜ ਦਿੱਤਾ ਹੈ | ਪਹਿਲਾਂ 13.8 ਮੀਟਰ ਦਾ ਰਿਕਾਰਡ ਸੀ, ਜਿਸ ਨੂੰ ਪਾਰ ਕਰਦੇ ਹੋਏ ਆਰਵ ਨੇ ਨਵਾਂ 14.2 ਮੀਟਰ ਦਾ ਰਿਕਾਰਡ ਬਣਾ ਕੇ ਆਪਣੀ ਵਿਲੱਖਣ ਪਛਾਣ ਬਣਾਈ ਹੈ | ਇਹ ਪ੍ਰਾਪਤੀ ਉਸਦੀ ਅਟੱਲ ਮਿਹਨਤ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਉਸਦੇ ਜਜ਼ਬੇ ਨੂੰ ਦਰਸਾਉਂਦੀ ਹੈ | ਆਰਵ ਦੀ ਇਸ ਵੱਡੀ ਜਿੱਤ ਦੇ ਸੰਦਰਭ ਵਿਚ ਸਕੂਲ ਦੇ ਚੇਅਰਮੈਨ ਜਸਵਿੰਦਰ ਸਿੰਘ ਵਲੋਂ ਉਸ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੀ ਵਾਈਸ ਪਿ੍ੰਸੀਪਲ ਸੋਨੀਆ, ਡੀ.ਪੀ.ਈ. ਅਮਨਦੀਪ ਕੌਰ ਡੀ.ਪੀ.ਈ. ਗੌਰਵ ਸਰ, ਅਤੇ ਕੁਲਦੀਪ ਸਰ ਵੀ ਹਾਜ਼ਰ ਸਨ, ਜਿਨ੍ਹਾਂ ਨੇ ਆਰਵ ਦੀ ਉਪਲੱਬਧੀ ਨੂੰ ਉਸ ਦੀ ਮਿਹਨਤ ਦਾ ਫਲ ਦੱਸਿਆ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਆਰਵ ਖੇੜਾ ਦੀ ਇਹ ਕਾਮਯਾਬੀ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਸਕੂਲ ਹਮੇਸ਼ਾ ਇਸ ਤਰ੍ਹਾਂ ਦੀਆਂ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਦਾ ਰਹੇਗਾ |