ਕੋਟਕਪੂਰਾ, 11 ਮਈ (ਮੋਹਰ ਸਿੰਘ ਗਿੱਲ, ਮੇਘਰਾਜ)-ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਵਿਖੇ 'ਮਾਂ ਦਿਵਸ' ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਡਾ. ਰਾਜਵੀਰ ਸਿੰਘ ਕੰਗ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਦੀਪ ਜਯੋਤੀ ਕਰਕੇ ਕੀਤੀ ਗਈ | ਨੌਵੀਂ ਜਮਾਤ ਦੇ ਵਿਦਿਆਰਥੀ ਧੈਰੀਅਮ ਦੂਆ ਨੇ ਮਾਂ ਦਿਵਸ ਉਪਰ ਕਵਿਤਾ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ | ਅੱਠਵੀਂ ਜਮਾਤ ਦੀ ਵਿਦਿਆਰਥਣ ਨਿਆਇਤੀ ਅਤੇ ਮਾਨਸੀ ਨੇ ਭਾਸ਼ਣ ਅਤੇ ਕਵਿਤਾਵਾਂ ਰਾਹੀਂ ਮਾਂ ਦੀ ਮਮਤਾ ਨੂੰ ਪੇਸ਼ ਕੀਤਾ | ਪਹਿਲੀ, ਦੂਸਰੀ ਅਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ | ਨੌਵੀਂ ਜਮਾਤ ਦੀ ਵਿਦਿਆਰਥਣ ਪ੍ਰੀਨਿਤਾ ਸ਼ਰਮਾ ਅਤੇ ਰਵਨੀਤ ਕੌਰ ਨੇ ਵਾਰਤਾਲਾਪ ਦੇ ਰੂਪ ਵਿਚ ਨਾਟਕ ਪੇਸ਼ ਕੀਤਾ | ਕਿੰਡਰਗਾਰਟਨ ਦੇ ਕੋਆਰਡੀਨੇਟਰ ਹਰਿੰਦਰ ਕੌਰ ਦੀ ਦੇਖ-ਰੇਖ ਵਿਚ ਨੰਨੇ-ਮੰੁਨੇ ਬੱਚਿਆਂ 'ਚ ਡਰਾਇੰਗ ਅਤੇ ਕਲਰਿੰਗ ਮੁਕਾਬਲਾ ਕਰਵਾਇਆ ਗਿਆ | ਨੰਨੇ-ਮੁੰਨੇ ਬੱਚਿਆਂ ਨੇ ਆਪਣੀਆਂ ਰੰਗ-ਬਿਰੰਗੀਆਂ ਤਸਵੀਰਾਂ ਰਾਹੀਂ ਮਾਵਾਂ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ | ਤੀਸਰੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਆਪਣੀਆਂ ਮਾਵਾਂ ਨੂੰ ਪਿਆਰ ਭਰੇ ਸੁਨੇਹਿਆਂ ਨਾਲ ਸਬੰਧਿਤ ਕਾਰਡ ਅਤੇ ਪੋਸਟਰ ਵੀ ਬਣਾਏ ਗਏ | ਪੰਜਾਬੀ ਦੇ ਅਧਿਆਪਕ ਮੈਡਮ ਪ੍ਰਭਜੀਤ ਕੌਰ ਵਲੋਂ ਵੀ ਮਾਂ ਦਿਵਸ ਉਪਰ ਕਵਿਤਾ ਪੇਸ਼ ਕੀਤੀ ਗਈ | ਕਿੰਡਰਗਾਰਟਨ ਦੇ ਕੋਆਰਡੀਨੇਟਰ ਮੈਡਮ ਹਰਿੰਦਰ ਕੌਰ ਨੇ ਮਾਂ ਦਿਵਸ ਉੱਪਰ ਬੱਚਿਆਂ ਨੂੰ ਸੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਮਾਂ ਸਬਦ ਬੇਸ਼ੱਕ ਬੋਲਣ ਲਈ ਬਹੁਤ ਛੋਟਾ ਹੈ, ਪਰ ਇਸ ਵਿਚ ਸਾਰੀ ਦੁਨੀਆਂ ਸਮੋਈ ਹੋਈ ਹੈ | ਸਕੂਲ ਦੇ ਪਿ੍ੰਸੀਪਲ ਡਾ. ਰਾਜਵੀਰ ਸਿੰਘ ਕੰਗ ਨੇ ਕਿਹਾ ਕਿ ਮਾਂ ਦੀ ਹਿੰਮਤ ਦਾ ਕੋਈ ਜਵਾਬ ਨਹੀਂ, ਉਹ ਖੁਦ ਕੰਡਿਆਂ ਦਾ ਦਰਦ ਝੱਲ ਕੇ ਆਪਣੇ ਬੱਚੇ ਦੇ ਰਾਹ ਵਿਚ ਇਕ ਕੋਮਲ ਫੁੱਲ ਵਿਛਾ ਦਿੰਦੀ ਹੈ | ਇਸ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਕੋਆਡੀਨੇਟਰ ਰਜਨੀ ਸ਼ਰਮਾ, ਮੈਡਮ ਮੋਨਿਕਾ ਅਹੂਜਾ, ਹਰਿੰਦਰ ਕੌਰ ਅਤੇ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਰਿਹਾ | ਸਟੇਜ ਸੰਚਾਲਨ ਵਿਦਿਆਰਥਣ ਤਰਨੀਜਾ ਸ਼ਰਮਾ ਅਤੇ ਗਨੀਮਤ ਕੌਰ ਬਰਾੜ ਨੇ ਕੀਤਾ | ਅੰਤ 'ਚ ਸਨਮਾਨ ਸਮਾਰੋਹ ਹੋਇਆ |