ਮਲੋਟ, 9 ਜੂਨ (ਅਜਮੇਰ ਸਿੰਘ ਬਰਾੜ)-ਪੰਜਾਬ ਮੰਡੀ ਬੋਰਡ ਵਰਕਰਜ਼ ਯੂਨੀਅਨ ਪੰਜਾਬ ਅਤੇ ਪੰਜਾਬ ਮੰਡੀ ਬੋਰਡ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਵਲੋਂ ਪਟਿਆਲਾ ਵਿਖੇ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਸਹਾਇਕ ਲਾਇਨਮੈਨਾਂ 'ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਮੁਲਾਜ਼ਮ ਆਗੂਆਂ ਨੇ ਦੋਸ਼ ਲਗਾਇਆ ਕਿ ਇਹ ਤਸ਼ੱਦਦ ਪੰਜਾਬ ਸਰਕਾਰ ਦੀ ਸ਼ਹਿ 'ਤੇ ਕੀਤਾ ਗਿਆ ਹੈ | ਪੰਜਾਬ ਮੰਡੀ ਬੋਰਡ ਵਰਕਰਜ਼ ਯੂਨੀਅਨ ਪੰਜਾਬ ਅਤੇ ਪੰਜਾਬ ਮੰਡੀ ਬੋਰਡ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸਰਪ੍ਰਸਤ ਇੰਜੀ. ਸੁਦਾਗਰ ਸਿੰਘ, ਹਰਦੇਵ ਸਿੰਘ ਸੰਧੂ ਸੂਬਾ ਪ੍ਰਧਾਨ, ਵਾਈਸ ਪ੍ਰਧਾਨ ਪੰਜਾਬ ਦੀਪਕ ਸ਼ਰਮਾ ਚੰਡੀਗੜ੍ਹ, ਗੁਰਚਰਨ ਸਿੰਘ ਬੁੱਟਰ ਜਰਨਲ ਸਕੱਤਰ ਪੰਜਾਬ, ਅੰਗਰੇਜ਼ ਸਿੰਘ ਅਟਵਾਲ ਜ਼ੀਰਾ, ਮਹਿੰਦਰ ਸਿੰਘ ਸਿੱਧੂ ਫ਼ਿਰੋਜ਼ਪੁਰ, ਬਲਜੀਤ ਸਿੰਘ ਗਰੇਵਾਲ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ/ਫ਼ਾਜ਼ਿਲਕਾ, ਮਨਜੀਤ ਸਿੰਘ ਧਾਲੀਵਾਲ ਭਾਗਸਰ, ਸਤਨਾਮ ਸਿੰਘ ਗਰੋਵਰ ਅਬੋਹਰ, ਸਰਵਣ ਕੁਮਾਰ ਫ਼ਾਜ਼ਿਲਕਾ, ਜਸਪਾਲ ਸਿੰਘ ਢਿੱਲੋਂ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਰੇਸ਼ਮ ਸਿੰਘ ਭੁੱਲਰ, ਰਾਜਿੰਦਰ ਕੁਮਾਰ ਭੋਲਾ ਸ੍ਰੀ ਮੁਕਤਸਰ ਸਾਹਿਬ, ਦੇਵ ਰਾਜ ਜਿੰਦਲ ਬਠਿੰਡਾ, ਦਵਿੰਦਰ ਸਿੰਘ ਕੁੱਸਾ, ਗੁਰਜੰਟ ਸਿੰਘ ਧਾਲੀਵਾਲ ਨਿਹਾਲ ਸਿੰਘ ਵਾਲਾ, ਕਾਮਰੇਡ ਜਗਜੀਤ ਸਿੰਘ ਤਖਤੂਪੁਰਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਧਰਨਿਆਂ ਵਿਚੋਂ ਨਿਕਲ ਕੇ ਸੱਤਾ ਵਿਚ ਆਈ 'ਆਪ' ਪਾਰਟੀ ਹੁਣ ਕਾਰਪੋਰੇਟਰਾਂ ਦੀ ਦਲਾਲੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੇਰੁਜ਼ਗਾਰਾਂ, ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਦੀ ਬਜਾਏ, ਤਾਨਾਸ਼ਾਹ ਰਵੱਈਆ ਅਪਨਾ ਰਹੀ ਹੈ | ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੇਰੁਜ਼ਗਾਰ ਸਹਾਇਕ ਲਾਇਨਮੈਨਾਂ ਉਪਰ ਅੰਨ੍ਹੇਵਾਹ ਤਸ਼ੱਦਦ ਢਾਹੁਣ ਵਾਲੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਖ਼ਿਲਾਫ਼ ਤੁਰੰਤ ਪਰਚਾ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਪੰਜਾਬ ਸਰਕਾਰ ਵਲੋਂ 18 ਫ਼ੀਸਦੀ ਡੀ.ਏ. ਦੇਣ ਦੇ ਸੰਬੰਧ ਵਿਚ ਬਣੀ ਕਮੇਟੀ ਵਲੋਂ ਗ਼ਲਤ ਅੰਕੜੇ ਪੇਸ਼ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ |