01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਦੋਦਾ ਇਲਾਕੇ 'ਚ ਤੇਜ਼ ਹਨੇਰੀ ਅਤੇ ਗੜੇਮਾਰੀ ਨਾਲ ਵੱਡਾ ਨੁਕਸਾਨ

ਅਜੀਤ ਡੈਸਕ 13-06-2026
ਦੋਦਾ, 12 ਜੂਨ (ਰਵੀਪਾਲ)-ਦੋਦਾ ਦੇ ਆਸਪਾਸ ਵਾਲੇ ਇਲਾਕਿਆਂ 'ਚ ਬੀਤੀ ਰਾਤ ਭਿਆਨਕ ਤੂਫ਼ਾਨੀ ਹਨੇ੍ਹਰੀ ਨੇ ਤਬਾਹੀ ਮਚਾ ਦਿੱਤੀ | ਤੇਜ਼ ਹਵਾਵਾਂ ਨਾਲ ਭਾਰੀ ਗੜੇ੍ਹਮਾਰੀ ਅਤੇ ਮੀਂਹ ਪਿਆ ਜਿਸ ਕਾਰਨ ਖੇਤੀਬਾੜੀ, ਬਿਜਲੀ ਤੇ ਘਰਾਂ ਨੂੰ ਭਾਰੀ ਨੁਕਸਾਨ ਹੋਇਆ | ਇਸ ਤੂਫ਼ਾਨ ਵਿਚ ਬਹੁਤ ਸਾਰੇ ਫ਼ਲਦਾਰ ਤੇ ਛਾਂਦਾਰ ਦਰੱਖ਼ਤ ਉਖੜ ਗਏ ਅਤੇ ਬਿਜਲੀ ਦੇ ਖੰਭੇ ਡਿੱਗ ਗਏ | ਇਸ ਨਾਲ ਇਲਾਕੇ 'ਚ ਕਈ ਘੰਟੇ ਤੱਕ ਬਿਜਲੀ ਸਪਲਾਈ ਠੱਪ ਰਹੀ | ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਰਾਤ ਭਰ ਮਿਹਨਤ ਕਰਕੇ ਬਿਜਲੀ ਬਹਾਲ ਕਰਨ 'ਚ ਸਫ਼ਲਤਾ ਹਾਸਿਲ ਕੀਤੀ | ਇਸ ਤੋਂ ਇਲਾਵਾ ਬਹੁਤ ਸਾਰੇ ਘਰਾਂ ਤੇ ਖੇਤਾਂ 'ਚ ਲੱਗੇ ਸੋਲਰ ਪੈਨਲ ਵੀ ਟੁੱਟ ਗਏ | ਖੇਤੀਬਾੜੀ ਨੂੰ ਸਭ ਤੋਂ ਵੱਡਾ ਝਟਕਾ ਲੱਗਾ ਹੈ | ਖੇਤਾਂ ਵਿਚ ਖੜ੍ਹੀ ਮੱਕੀ ਦੀ ਫ਼ਸਲ ਤੇ ਝੋਨੇ ਦੀ ਪਨੀਰੀ ਨੂੰ ਗੜਿ੍ਹਆਂ ਅਤੇ ਤੇਜ਼ ਹਵਾਵਾਂ ਨਾਲ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ | ਕਿਸਾਨ ਹਰਪ੍ਰੀਤ ਸਿੰਘ ਪੁੱਤਰ ਗੁਰਨੈਬ ਸਿੰਘ ਪਿੰਡ ਗੂੜ੍ਹੀ ਸੰਘਰ ਦਾ ਕਹਿਣਾ ਹੈ ਕਿ ਇਸ ਤੂਫ਼ਾਨ ਨਾਲ ਉਨ੍ਹਾਂ ਦੀਆਂ ਮਹੀਨਿਆਂ ਦੀ ਮਿਹਨਤ ਇਕ ਰਾਤ ਵਿਚ ਤਬਾਹ ਹੋ ਗਈ | ਕਈ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਤੂਫ਼ਾਨ ਐਨਾ ਤੇਜ਼ ਸੀ ਕਿ ਘਰਾਂ ਦੀਆਂ ਛੱਤਾਂ 'ਤੇ ਰੱਖੀਆਂ ਚੀਜ਼ਾਂ ਉਡ ਗਈਆਂ ਅਤੇ ਨਿਰਮਾਣ ਅਧੀਨ ਸ਼ੈੱਡ ਵੀ ਚਕਨਾਚੂਰ ਹੋ ਗਏ ਅਤੇ ਬਹੁਤ ਸਾਰੀਆਂ ਥਾਵਾਂ 'ਤੇ ਘਰਾਂ ਨੂੰ ਵੀ ਨੁਕਸਾਨ ਪੁੱਜਿਆ | ਇਸ ਵੇਲੇ ਇਲਾਕੇ ਵਿਚ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ | ਖੇਤੀਬਾੜੀ ਵਿਭਾਗ ਤੇ ਰਾਜ ਸੇਵਾ ਵਿਭਾਗ ਦੀਆਂ ਟੀਮਾਂ ਵਲੋਂ ਨੁਕਸਾਨੇ ਖੇਤਾਂ ਤੇ ਘਰਾਂ ਦਾ ਸਰਵੇਖਣ ਸ਼ੁਰੂ ਕਰ ਦਿੱਤਾ ਗਿਆ ਹੈ | ਪਿੰਡ ਸੂਰੇਵਾਲਾ, ਮੱਲਣ, ਕੋਟਲੀ ਅਬਲੂ, ਗੂੜ੍ਹੀ ਸੰਘਰ, ਲੁਹਾਰਾ, ਸੁਖਨਾ ਅਬਲੂ, ਭਲਾਈਆਣਾ ਆਦਿ ਪਿੰਡਾਂ ਦੇ ਕਿਸਾਨਾਂ ਨੇ ਸਰਕਾਰ ਤੋਂ ਤੁਰੰਤ ਮੁਆਵਜ਼ਾ ਤੇ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਇਸ ਤਬਾਹੀ ਤੋਂ ਬਾਹਰ ਨਿਕਲਣ ਵਿਚ ਮਦਦ ਮਿਲ ਸਕੇ | ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਘਰਾਂ 'ਚ ਹੀ ਰਹਿਣ ਦੀ ਅਪੀਲ ਕੀਤੀ ਹੈ, ਕਿਉਂਕਿ ਅਗਲੇ ਕੁਝ ਦਿਨਾਂ ਵਿਚ ਵੀ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ | ਇਸ ਤੂਫ਼ਾਨ ਨੇ ਇਲਾਕਾ ਵਾਸੀਆਂ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਾਇਆ ਹੈ ਅਤੇ ਕਿਸਾਨਾਂ ਦੀਆਂ ਉਮੀਦਾਂ 'ਤੇ ਵੱਡਾ ਵਾਰ ਕੀਤਾ ਹੈ | ਲੋਕਾਂ ਵਲੋਂ ਪ੍ਰਸ਼ਾਸਨ ਤੋਂ ਤੁਰੰਤ ਅਤੇ ਉਚਿਤ ਮਦਦ ਦੀ ਉਮੀਦ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਖਟਾਰਾ ਈ-ਪੋਸ਼ ਮਸ਼ੀਨਾਂ ਤੇ ਬੇਲੋੜੇ ਹੁਕਮਾਂ ਕਾਰਨ ਲੱਖਾਂ ਰਾਸ਼ਨ ਕਾਰਡ ਧਾਰਕ ਪ੍ਰੇਸ਼ਾਨ ਅਗਲੀ ਖ਼ਬਰ ਸੀ.ਆਈ.ਟੀ.ਯੂ. ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।