ਗਿੱਦੜਬਾਹਾ, 27 ਜੁਲਾਈ (ਪਰਮਜੀਤ ਸਿੰਘ ਥੇੜ੍ਹੀ)-ਬੀਤੇ ਦਿਨੀਂ ਡੀ.ਏ.ਵੀ. ਸੀ.ਐੱਮ.ਸੀ. ਨਵੀਂ ਦਿੱਲੀ ਵਲੋਂ ਕਰਵਾਏ ਗਏ ਡੀ.ਏ.ਵੀ. ਨੈਸ਼ਨਲ ਸਪੋਰਟਸ ਦੇ ਕਲੱਸਟਰ ਪੱਧਰੀ ਮੁਕਾਬਲਿਆਂ ਵਿਚ ਜੇ.ਐੱਨ.ਜੇ. ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਅਕਤੀਗਤ ਮੁਕਾਬਲਿਆਂ ਵਿਚ 66 ਸੋਨ ਤਗ਼ਮਿਆਂ ਸਮੇਤ ਕੁੱਲ 71 ਸੋਨ ਤਗ਼ਮੇ ਜਿੱਤ ਦੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰ. ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਸਕੂਲ ਦੀ ਬਾਕਸਿੰਗ ਟੀਮਾਂ (ਲੜਕੇ ਤੇ ਲੜਕੀਆਂ) ਨੇ 46 ਸੋਨ ਤਗ਼ਮੇ, ਪੰਜ ਸਿਲਵਰ ਤਗ਼ਮਾ ਤੇ ਇਕ ਕਾਂਸੇ ਦਾ ਤਗ਼ਮਾ, ਰੈਸਲਿੰਗ ਮੁਕਾਬਲਿਆਂ ਵਿਚ ਸਕੂਲ ਦੇ ਲੜਕਿਆਂ ਨੇ 9 ਸੋਨ ਤਗ਼ਮੇ, ਤਾਈਕਮਾਂਡੋ ਵਿਚ ਸਕੂਲ ਦੀਆਂ ਲੜਕੀਆਂ ਨੇ 9 ਸੋਨ ਤਗ਼ਮੇ, 2 ਸਿਲਵਰ ਤੇ ਇਕ ਕਾਂਸੇ ਦਾ ਤਗ਼ਮਾ, ਕਰਾਟੇ ਵਿਚ ਇਕ ਸੋਨ ਤਗ਼ਮੇ ਤੇ ਆਰਚਰੀ ਵਿਚ ਇਕ ਸੋਨ ਤਗ਼ਮਾ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀਆਂ ਕ੍ਰਿਕਟ ਟੀਮਾਂ (ਅੰਡਰ-17 ਲੜਕੇ ਤੇ ਲੜਕੀਆਂ) ਦੋਵਾਂ ਵਰਗਾਂ ਵਿਚ ਸੋਨ ਤਗ਼ਮੇ, ਚੈਸ (ਅੰਡਰ-19 ਲੜਕੇ ਤੇ ਲੜਕੀਆਂ) ਦੋਵਾਂ ਵਰਗਾਂ ਵਿਚ ਸੋਨ ਤਗ਼ਮਾ ਅਤੇ ਅੰਡਰ-17 ਲੜਕੇ ਵਿਚ ਕਾਂਸੇ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਯੋਗਾ ਅੰਡਰ-14 ਲੜਕਿਆਂ ਦੇ ਵਰਗ ਵਿਚ ਸੋਨ ਤਗ਼ਮਾ ਅਤੇ ਅੰਡਰ-17 ਲੜਕੀਆਂ ਦੇ ਵਰਗ ਵਿਚ ਸਿਲਵਰ ਤਗ਼ਮਾ ਜਿੱਤ ਕੇ ਕਲੱਸਟਰ ਪੱਧਰ ’ਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ। ਪਿ੍ਰੰ. ਮਾਨ ਨੇ ਦੱਸਿਆ ਕਿ ਸਕੂਲ ਦੇ ਲਗਪਗ 108 ਖਿਡਾਰੀ ਡੀ.ਏ.ਵੀ. ਸਕੂਲਾਂ ਦੀਆਂ ਰਾਜ ਪੱਧਰੀ ਖੇਡਾਂ ਵਿਚ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਦੇ ਨਾਲ-ਨਾਲ ਸਰੀਰਕ ਵਿਕਾਸ ਲਈ ਖੇਡਾਂ ਵਿਚ ਭਾਗ ਲੈਣ ਲਈ ਉਤਸਾਹਿਤ ਕੀਤਾ ਜਾਂਦਾ ਹੈ ਅਤੇ ਇਹ ਕਲੱਸਟਰ ਪੱਧਰੀ ਖੇਡਾਂ ਵਿਚ ਇਸ ਤਰ੍ਹਾਂ ਦਾ ਬਿਹਤਰੀਨ ਨਤੀਜਾ ਖਿਡਾਰੀਆਂ ਦੀ ਮਿਹਨਤ ਤੇ ਸੰਬੰਧਿਤ ਕੋਚਾਂ ਦੀ ਯੋਗ ਅਗਵਾਈ ਦੀ ਦੇਣ ਹੈ।