ਗਿੱਦੜਬਾਹਾ, 29 ਜੁਲਾਈ (ਸ਼ਿਵਰਾਜ ਸਿੰਘ ਬਰਾੜ, ਪਰਮਜੀਤ ਸਿੰਘ ਥੇੜ੍ਹੀ)- ਪਿੰਡ ਕੋਟਭਾਈ ਵਿਚ ਢਾਈ ਸਾਲ ਦੇ ਮਾਸੂਮ ਦੀ ਛੱਪੜ ਵਿਚ ਡੁੱਬਣ ਕਾਰਨ ਹੋਈ ਮੌਤ ਦੀ ਅਤਿ ਦੁਖਦਾਈ ਘਟਨਾ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਢਾਈ ਸਾਲਾਂ ਮਾਸੂਮ ਬੱਚਾ ਫਤਿਹਵੀਰ ਸਿੰਘ ਪੁੱਤਰ ਭੁਪਿੰਦਰ ਸਿੰਘ ਆਪਣੇ ਘਰ ਦੇ ਸਾਹਮਣੇ ਸੜਕ ’ਤੇ ਕਿਨਾਰੇ ਆਪਣੇ ਪੜਦਾਦੇ ਕੋਲ ਖੇਡ ਰਿਹਾ ਸੀ ਤਾਂ ਅਚਾਨਕ ਬੱਚੇ ਦਾ ਪੈਰ ਸੜਕ ਦੇ ਨਾਲ ਲਗਦੇ ਛੱਪੜ ਦੇ ਕਿਨਾਰੇ ’ਤੇ ਤਿਲਕ ਗਿਆ ਤੇ ਦੇਖਦਿਆਂ ਹੀ ਬੱਚਾ ਛੱਪੜ ਵਿਚ ਡੁੱਬ ਗਿਆ। ਬੱਚੇ ਦੇ ਛੱਪੜ ਵਿਚ ਡੁੱਬਣ ਦੀ ਖ਼ਬਰ ਸੁਣਦਿਆਂ ਪਿੰਡ ਵਾਸੀ ਵੱਡੀ ਗਿਣਤੀ ਚ ਮੌਕੇ ’ਤੇ ਪਹੁੰਚ ਗਏ। ਇਸ ਉਪਰੰਤ ਗੋਤਾਖੋਰ ਬੰਟੀ ਦੇ ਅਣਥੱਕ ਯਤਨਾ ਉਪਰੰਤ ਬੱਚੇ ਨੂੰ ਦੇਰ ਰਾਤ ਛੱਪੜ ਵਿਚੋਂ ਜਦੋਂ ਕੱਢਿਆ ਗਿਆ ਤਾਂ ਪਿੰਡ ਵਾਸੀਆਂ ਦੇ ਅੱਖਾਂ ਵਿਚੋਂ ਅੱਥਰੂ ਰੋਕੇ ਹੀ ਨਹੀਂ ਜਾ ਰਹੇ ਸਨ। ਦੱਸਣਾ ਬਣਦਾ ਹੈ ਕਿ ਇਕ ਦਿਨ ਪਹਿਲਾਂ ਹੀ ਇਸ ਪਿੰਡ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਇਕ ਲੜਕੇ ਵਲੋਂ ਗੁਟਕਾ ਸਾਹਿਬ ਚੋਰੀ ਕਰਕੇ ਬੇਅਦਬੀ ਕੀਤੀ ਗਈ ਸੀ, ਜਿਸ ਨਾਲ ਪਿੰਡ ਵਾਸੀ ਪਹਿਲਾਂ ਹੀ ਵੱਡੇ ਸਦਮੇ ਵਿਚ ਸਨ ਤੇ ਇਸ ਬੱਚੇ ਦੀ ਮੌਤ ਨਾਲ ਪਿੰਡ ਵਾਸੀਆਂ ਵਿਚ ਗਹਿਰਾ ਸੋਗ ਪਾਇਆ ਜਾ ਰਿਹਾ ਹੈ।
ਛੱਪੜ ’ਚ ਡੁੱਬਣ ਕਾਰਨ ਢਾਈ ਸਾਲ ਦੇ ਬੱਚੇ ਦੀ ਮੌਤ
ਅਜੀਤ ਡੈਸਕ
30-07-2026