ਮਲੋਟ, 10 ਸਤੰਬਰ (ਪਾਟਿਲ)-ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਿਖੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਸੀ.ਬੀ.ਐੱਸ.ਈ. ਨਵੀਂ ਦਿੱਲੀ ਦੁਆਰਾ ਹੈਪੀ ਕਲਾਸਰੂਮ ਵਿਸ਼ੇ ’ਤੇ ਅਧਿਆਪਕਾਂ ਲਈ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਸੋਨੀਆ ਚਾਨਣਾ (ਕੋਆਰਡੀਨੇਟਰ ਦਸਮੇਸ਼ ਇੰਟਰਨੈਸ਼ਨਲ ਪਬਲਿਕ ਸਕੂਲ ਮਲੋਟ) ਅਤੇ ਲਖਵੀਰ ਸਿੰਘ (ਕਿਡਜ਼ ਕਿੰਗਡਮ ਕਾਨਵੈਂਟ ਸਕੂਲ ਸਿੰਘਵਾਲਾ) ਸਨ। ਪ੍ਰੋਗਰਾਮ ਦੀ ਸ਼ੁਰੂਆਤ ਦੀਵਾ ਜਗਾ ਕੇ ਕੀਤੀ ਗਈ। ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਮਹਿਮਾਨਾਂ ਦਾ ਫ਼ੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਕ ਖ਼ੁਸ਼ਹਾਲ ਕਲਾਸਰੂਮ ਉਹ ਹੁੰਦਾ ਹੈ, ਜਿੱਥੇ ਵਿਦਿਆਰਥੀ ਬਿਨਾਂ ਕਿਸੇ ਡਰ ਜਾਂ ਤਣਾਅ ਦੇ ਖ਼ੁਸ਼ੀ ਤੇ ਉਤਸ਼ਾਹ ਨਾਲ ਸਿੱਖਦੇ ਹਨ। ਕਲਾਸਰੂਮ ਦਾ ਵਾਤਾਵਰਣ ਪਿਆਰ, ਸਹਿਯੋਗ, ਅਨੁਸ਼ਾਸਨ ਤੇ ਸਕਾਰਾਤਮਕ ਸੋਚ ਨਾਲ ਭਰਿਆ ਹੁੰਦਾ ਹੈ। ਇਸ ਮੌਕੇ ਪ੍ਰਿੰਸੀਪਲ ਨੇ ਕਿਹਾ ਕਿ ਅਧਿਆਪਕ ਹਰੇਕ ਵਿਦਿਆਰਥੀ ਦੀ ਸਮਰੱਥਾ ਤੇ ਰੁਚੀ ਨੂੰ ਸਮਝਦੇ ਹਨ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਇਕ ਖ਼ੁਸ਼ਹਾਲ ਕਲਾਸਰੂਮ ਵਿਚ ਗ਼ਲਤੀਆਂ ਨੂੰ ਅਸਫ਼ਲਤਾਵਾਂ ਨਹੀਂ, ਸਗੋਂ ਸਿੱਖਣ ਦੇ ਮੌਕੇ ਮੰਨਿਆ ਜਾਂਦਾ ਹੈ। ਮੰਚ ਦਾ ਸੰਚਾਲਨ ਰਾਮਚੰਦਰ ਸ਼ਾਸਤਰੀ ਨੇ ਕੀਤਾ।