16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪੰਜਾਬ ਬੰਦ: ਨਿਹੰਗ ਸਿੰਘਾਂ ਦੇ ਗੁੱਸੇ ਦਾ ਸ਼ਿਕਾਰ ਬਣਿਆ ਕਿੱਲਿਆਂਵਾਲੀ ਦਾ ਕੈਫ਼ੇ

ਮੰਡੀ ਕਿੱਲਿਆਂਵਾਲੀ, 15 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਮਾਨਸਾ ਵਿਚ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਖ਼ਿਲਾਫ਼ ਪੰਜਾਬ ਬੰਦ ਦੇ ਸੱਦੇ ਦੌਰਾਨ ਅੱਜ ਮੰਡੀ ਕਿੱਲਿਆਂਵਾਲੀ ਵਿਚ ਇਕ ਨਿੱਜੀ ਹਸਪਤਾਲ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਕੈਫ਼ੇ ਵਿਚ ਹੰਗਾਮਾ ਹੋ ਗਿਆ। ਨਿਹੰਗ ਸਿੰਘਾਂ ਨੇ ਕੈਫ਼ੇ ਵਿਚ ਲੜਕੇ-ਲੜਕੀਆਂ ਦੀ ਕਥਿਤ ਇਤਰਾਜ਼ਯੋਗ ਮੌਜੂਦਗੀ ’ਤੇ ਤਿੱਖਾ ਇਤਰਾਜ਼ ਜਤਾਇਆ।

ਅਜੀਤ ਡੈਸਕ 16-10-2026
ਮੰਡੀ ਕਿੱਲਿਆਂਵਾਲੀ, 15 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਮਾਨਸਾ ਵਿਚ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਖ਼ਿਲਾਫ਼ ਪੰਜਾਬ ਬੰਦ ਦੇ ਸੱਦੇ ਦੌਰਾਨ ਅੱਜ ਮੰਡੀ ਕਿੱਲਿਆਂਵਾਲੀ ਵਿਚ ਇਕ ਨਿੱਜੀ ਹਸਪਤਾਲ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਕੈਫ਼ੇ ਵਿਚ ਹੰਗਾਮਾ ਹੋ ਗਿਆ। ਨਿਹੰਗ ਸਿੰਘਾਂ ਨੇ ਕੈਫ਼ੇ ਵਿਚ ਲੜਕੇ-ਲੜਕੀਆਂ ਦੀ ਕਥਿਤ ਇਤਰਾਜ਼ਯੋਗ ਮੌਜੂਦਗੀ ’ਤੇ ਤਿੱਖਾ ਇਤਰਾਜ਼ ਜਤਾਇਆ। ਇਸ ਦੌਰਾਨ ਕੈਫ਼ੇ ਸੰਚਾਲਕ ਨਵਜੋਤ ਸਿੰਘ ਵਾਸੀ ਪਿਉਰੀ ਤੇ ਮੁਲਾਜ਼ਮ ਅਰਸ਼ਦੀਪ ਸਿੰਘ ਜ਼ਖ਼ਮੀ ਹੋ ਗਏ। ਦੋਵਾਂ ਨੂੰ ਸਰਕਾਰੀ ਸਿਹਤ ਕੇਂਦਰ ਲੰਬੀ ਲਿਜਾਇਆ ਗਿਆ। ਪੁਲਿਸ ਨੇ ਕਈ ਲੜਕੇ-ਲੜਕੀਆਂ ਨੂੰ ਬਾਹਰ ਕਢਵਾਇਆ। ਚਸ਼ਮਦੀਦਾਂ ਮੁਤਾਬਕ ਕਰੀਬ 25 ਮਿੰਟ ਹੰਗਾਮਾ ਚੱਲਿਆ। ਨਿਹੰਗ ਸਿੰਘਾਂ ਨੇ ਮੌਕੇ ’ਤੇ ਕੈਫ਼ੇ ਬੰਦ ਕਰਵਾਉਣ ਲਈ ਥਾਣਾ ਕਿੱਲਿਆਂਵਾਲੀ ਵਿਚ ਸ਼ਿਕਾਇਤ ਵੀ ਦਿੱਤੀ। ਘਟਨਾ ਦੌਰਾਨ ਮੌਕੇ ’ਤੇ ਲੋਕਾਂ ਦਾ ਵੱਡਾ ਹਜ਼ੂਮ ਜੁਟ ਗਿਆ। ਤਲਵੰਡੀ ਸਾਬੋ ਤੋਂ ਆਏ ਕਰੀਬ ਦੋ ਦਰਜਨ ਨਿਹੰਗ ਸਿੰਘ ਅਤੇ ਸਥਾਨਕ ਕਿਸਾਨ ਕਾਰਕੁੰਨ ਬੰਦ ਦੇ ਸੱਦੇ ਤਹਿਤ ਦੁਕਾਨਾਂ ਬੰਦ ਕਰਵਾਉਣ ਦੀ ਅਪੀਲ ਕਰ ਰਹੇ ਸਨ। ਤਰਨਾ ਦਲ (96 ਕਰੋੜੀ) ਤਲਵੰਡੀ ਸਾਬੋ ਦੇ ਨਿਹੰਗ ਸਿੰਘ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਉਨ੍ਹਾਂ ਨੂੰ ਕਾਲਜ ਨੇੜਲੇ ਕੈਫ਼ੇ ਵਿਚ ਕਥਿਤ ਇਤਰਾਜ਼ਯੋਗ ਗਤੀਵਿਧੀਆਂ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਕੈਬਿਨਾਂ ਵਿਚ ਲੜਕੇ-ਲੜਕੀਆਂ ਮੌਜੂਦ ਸਨ। ਉਨ੍ਹਾਂ ਮੁਤਾਬਕ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਇਕ ਕਮਰੇ ਦਾ ਦਰਵਾਜ਼ਾ ਖੁੱਲ੍ਹਵਾਇਆ ਗਿਆ। ਇਸ ਦੌਰਾਨ ਭੱਜਣ ਦੀ ਕੋਸ਼ਿਸ਼ ਕਰਦਿਆਂ ਇਕ ਨੌਜਵਾਨ ਤਿਲਕ ਕੇ ਪਿੱਲਰ ਨਾਲ ਟਕਰਾ ਗਿਆ ਅਤੇ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਜਿਹੇ ਪਤਿਤਪੁਣੇ ਨੂੰ ਕਿਸੇ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ ਜ਼ਖ਼ਮੀ ਕੈਫ਼ੇ ਸੰਚਾਲਕ ਨਵਜੋਤ ਸਿੰਘ ਤੇ ਮੁਲਾਜ਼ਮ ਅਰਸ਼ਦੀਪ ਸਿੰਘ ਨੇ ਦੋਸ਼ ਲਗਾਇਆ ਕਿ ਕੈਫ਼ੇ ਵਿਚ ਆਮ ਗ੍ਰਾਹਕ ਖਾਣਾ ਖਾ ਰਹੇ ਸਨ। ਨਿਹੰਗ ਸਿੰਘਾਂ ਨੇ ਅੰਦਰ ਦਾਖ਼ਲ ਹੁੰਦਿਆਂ ਹੀ ਸ਼ਟਰ ਬੰਦ ਕਰਕੇ ਰੂਲਾਂ ਨਾਲ ਉਨ੍ਹਾਂ ਦੀ ਕੁੱਟਮਾਰ ਕੀਤੀ। ਉਨ੍ਹਾਂ ਦੇ ਸਿਰ ਤੇ ਨੱਕ ’ਤੇ ਸੱਟਾਂ ਲੱਗੀਆਂ। ਦੋਵਾਂ ਨੇ ਕੈਫ਼ੇ ਵਿਚ ਇਤਰਾਜ਼ਯੋਗ ਗਤੀਵਿਧੀਆਂ ਦੇ ਦੋਸ਼ ਖ਼ਾਰਜ ਕੀਤੇ। ਥਾਣਾ ਕਿੱਲਿਆਂਵਾਲੀ ਦੀ ਮੁਖੀ ਕਰਮਜੀਤ ਕੌਰ ਨੇ ਕਿਹਾ ਕਿ ਪੜਤਾਲ ਦੌਰਾਨ ਕੈਫ਼ੇ ਵਿਚ ਕੋਈ ਇਤਰਾਜ਼ਯੋਗ ਗਤੀਵਿਧੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਟੇਬਲਾਂ ਅੱਗੇ ਪਰਦੇ ਲੱਗੇ ਸਨ। ਇਕ ਐਨ.ਸੀ.ਸੀ. ਵਿਦਿਆਰਥਣ ਖਾਣਾ ਪੈਕ ਕਰਵਾ ਰਹੀ ਸੀ, ਜਦਕਿ ਇਕ ਹੋਰ ਲੜਕੀ ਆਪਣੇ ਮੰਗੇਤਰ ਨਾਲ ਸੀ। ਉਨ੍ਹਾਂ ਦੋ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ। ਕੈਫ਼ੇ ਦੀ ਮਨਜ਼ੂਰੀ ਬਾਰੇ ਪੁੱਛਣ ’ਤੇ ਉਨ੍ਹਾਂ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ।
ਪਿਛਲੀ ਖ਼ਬਰ ਆਦਰਸ਼ ਸਕੂਲ ਕੋਟਭਾਈ ਵਿਖੇ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਰਾਮਲੀਲ੍ਹਾ ਦੀ ਚੌਥੀ ਰਾਤ ਵੀ ਦਰਸ਼ਕਾਂ ਦੀ ਭਰਵੀਂ ਆਮਦ ਰਹੀ ਭਾਈ ਰਾਹੁਲ ਸਿੰਘ ਸਿੱਧੂ, ਭਾਈ ਮਨਦੀਪ ਸਿੰਘ ਗੋਗੀ ਵਿਸ਼ੇਸ਼ ਤੌਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।