27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪਿੰਡ ਬਾਦਲ ਵਿਖੇ ਮਾਰਕਫੈੱਡ ਦੀ ਝੋਨਾ ਲਿਫ਼ਟਿੰਗ ‘ਜ਼ੀਰੋ’ ਲੰਬੀ ਹਲਕੇ ’ਚ ਮਾੜੇ ਪ੍ਰਬੰਧਾਂ ਕਰਕੇ ਮਹਿਜ਼ 37.31 ਫ਼ੀਸਦੀ ਲਿਫ਼ਟਿੰਗ ਹੋਈ

ਮੰਡੀ ਕਿੱਲਿਆਂਵਾਲੀ, 26 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਮਾੜੇ ਲਿਫ਼ਟਿੰਗ ਪ੍ਰਬੰਧਾਂ ਕਰਕੇ ਲੰਬੀ ਹਲਕੇ ਦੀਆਂ ਮੰਡੀਆਂ ’ਚ ਤੁਲੇ ਝੋਨੇ ਵਿਚੋਂ ਮਹਿਜ਼ 37. 31 ਫ਼ੀਸਦੀ ਚੁਕਾਈ ਹੋ ਸਕੀ ਹੈ।

ਅਜੀਤ ਡੈਸਕ 27-10-2026
ਮੰਡੀ ਕਿੱਲਿਆਂਵਾਲੀ, 26 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਮਾੜੇ ਲਿਫ਼ਟਿੰਗ ਪ੍ਰਬੰਧਾਂ ਕਰਕੇ ਲੰਬੀ ਹਲਕੇ ਦੀਆਂ ਮੰਡੀਆਂ ’ਚ ਤੁਲੇ ਝੋਨੇ ਵਿਚੋਂ ਮਹਿਜ਼ 37.31 ਫ਼ੀਸਦੀ ਚੁਕਾਈ ਹੋ ਸਕੀ ਹੈ। ਹਾਲਾਤ ਐਨੇ ਮਾੜੇ ਹਨ ਕਿ ਸਿਆਸੀ ਪਿੰਡ ਬਾਦਲ ਵਿਖੇ ਖ਼ਰੀਦ ਏਜੰਸੀ ਮਾਰਕਫੈੱਡ ਦੇ ਤੁਲੇ 170 ਮੀਟ੍ਰਿਕ ਟਨ ਝੋਨੇ ’ਚੋਂ ਲਿਫ਼ਟਿੰਗ ਦਾ ਖਾਤਾ ਤੱਕ ਨਹੀਂ ਖੁੱਲਿ੍ਹਆ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਪਿੰਡ ਖੁੱਡੀਆਂ ਦੇ ਖ਼ਰੀਦ ਕੇਂਦਰ ਦਾ ਹਾਲ ਵੀ ਮਾੜਾ ਹੈ, ਜਿੱਥੇ 70.19 ਫ਼ੀਸਦੀ ਝੋਨਾ ਚੁੱਕਣ ਵਾਲਾ ਪਿਆ ਹੈ ਅਤੇ ਖ਼ਰੀਦੇ ਮਾਲ ਵਿਚੋਂ 777 ਮੀਟ੍ਰਿਕ ਟਨ ਝੋਨਾ ਅਜੇ ਵੀ ਫ਼ੜ੍ਹਾਂ ’ਤੇ ਹੀ ਰੁਲ੍ਹ ਰਿਹਾ ਹੈ। ਸਾਰੀ ਲੇਟਲਤੀਫੀ ਪਿਛੇ ਸ਼ੈਲਰਾਂ ਵਲੋਂ ਹਾਈਬ੍ਰਿਡ ਝੋਨੇ ’ਤੇ ਕਥਿਤ ਗ਼ੈਰਕਾਨੂੰਨੀ ਕਟੌਤੀ ਦੀ ਮੰਗ, ਠੇਕੇਦਾਰ ਤੇ ਟਰੱਕ ਸੰਚਾਲਕਾਂ ਵਿਚ ਭਾੜੇ ਦਾ ਰੇਹੜਕਾ ਤੇ ਕੁਦਰਤੀ ਕਰੋਪੀ ਵੱਡਾ ਕਾਰਨ ਦੱਸੀ ਜਾਂਦੀ ਹੈ। ਮਾਰਕਿਟ ਕਮੇਟੀ ਕਿੱਲਿਆਂਵਾਲੀ ਹੇਠਲੇ 22 ਕੇਂਦਰਾਂ ’ਚ ਹੁਣ ਤੱਕ ਆਏ 38,720 ਮੀਟ੍ਰਿਕ ਟਨ ਝੋਨੇ ’ਚੋਂ 31,359 ਮੀਟ੍ਰਿਕ ਟਨ ਖ਼ਰੀਦਿਆ ਗਿਆ, ਪਰ ਲਿਫ਼ਟਿੰਗ ਮਹਿਜ਼ 11,700 ਮੀਟ੍ਰਿਕ ਟਨ ਹੋਈ। ਮੰਡੀਆਂ ’ਚ 19,659 ਮੀਟ੍ਰਿਕ ਟਨ ਖ਼ਰੀਦਿਆ ਤੇ 7361 ਮੀਟ੍ਰਿਕ ਟਨ ਬਿਨਾਂ ਵਿਕਿਆ ਝੋਨਾ ਅਸਮਾਨ ਹੇਠ ਰੁਲ੍ਹ ਰਿਹਾ ਹੈ। ਖ਼ਰੀਦ ਏਜੰਸੀਆਂ ਵਿਚੋਂ ਸਭ ਤੋਂ ਵੱਧ ਪਨਗ੍ਰੇਨ ਦਾ 7,824 ਮੀਟ੍ਰਿਕ ਟਨ (59.43 ਫ਼ੀਸਦੀ) ਝੋਨਾ ਅਣ-ਚੁੱਕਿਆ ਪਿਆ ਹੈ, ਜੋ ਮੰਡੀਆਂ ਵਿਚ ਰੁਲ੍ਹ ਰਹੇ ਕੁੱਲ ਅਣ-ਚੁੱਕੇ ਮਾਲ ਦਾ ਕਰੀਬ 39.80 ਫ਼ੀਸਦੀ ਬਣਦਾ ਹੈ। ਮਾਰਕਫੈੱਡ ਦੀ ਲਿਫ਼ਟਿੰਗ 31.07 ਫ਼ੀਸਦ ਅਤੇ ਵੇਅਰ ਹਾਊਸ ਦੀ 33.11 ਫ਼ੀਸਦ ਰਹੀ ਹੈ। ਪਿੰਡ ਘੁਮਿਆਰਾ ’ਚ 150 ਮੀਟ੍ਰਿਕ ਟਨ, ਡੱਬਵਾਲੀ ਰੂਹੜਿਆਂਵਾਲੀ ਵਿਚ 140 ਮੀਟ੍ਰਿਕ ਟਨ ਅਤੇ ਕੱਖਾਂਵਾਲੀ ਵਿਖੇ 117 ਮੀਟ੍ਰਿਕ ਟਨ ਝੋਨੇ ਦੀ ਤੁਲਾਈ ਮਗਰੋਂ ਵੀ ਲਿਫ਼ਟਿੰਗ ਨਹੀਂ ਹੋਈ। ਫ਼ਤਿਹਪੁਰ ਮਨੀਆਂਵਾਲਾ ਵਿਖੇ ਵੇਅਰ ਹਾਊਸ ਦਾ 85 ਮੀਟ੍ਰਿਕ ਟਨ, ਪੰਜਾਵਾ ਵਿਖੇ ਪਨਸਪ ਦਾ 75 ਮੀਟ੍ਰਿਕ ਟਨ ਅਤੇ ਨਿੱਜੀ ਆਰਜ਼ੀ ਯਾਰਡ ’ਚ ਪਨਗ੍ਰੇਨ ਦਾ 60 ਮੀਟ੍ਰਿਕ ਟਨ ਝੋਨਾ ਅਣ-ਚੁੱਕਿਆ ਹੈ। ਮੰਡੀ ਕਿੱਲਿਆਂਵਾਲੀ ’ਚ ਤੁਲੇ 8,227 ਮੀਟ੍ਰਿਕ ਟਨ ’ਚੋਂ 4,489 ਮੀਟ੍ਰਿਕ ਟਨ ਝੋਨਾ ਮੰਡੀ ਵਿਚ ਪਿਆ ਹੈ। ਢਾਣੀ ਤੇਲੀਆਂਵਾਲੀ ’ਚ 3,191 ਮੀਟ੍ਰਿਕ ਟਨ ਖ਼ਰੀਦੇ ਝੋਨੇ ਵਿਚੋਂ ਸਿਰਫ਼ 930 ਮੀਟ੍ਰਿਕ ਟਨ ਦੀ ਚੁਕਾਈ ਹੋਈ ਹੈ। ਖੇਮਾਖੇੜਾ ’ਚ 1,920 ਮੀਟ੍ਰਿਕ ਟਨ ਝੋਨਾ ਅਣ-ਚੁੱਕਿਆ ਪਿਆ ਹੈ, ਇਥੇ ਮਾਰਕਫੈੱਡ ਹੇਠਲੀ ਖ਼ਰੀਦ ਤਹਿਤ 570 ਮੀਟ੍ਰਿਕ ਟਨ ਵਿਚੋਂ ਲਿਫ਼ਟਿੰਗ ਮਹਿਜ਼ 7.02 ਫ਼ੀਸਦ ਹੋਈ ਹੈ। ਰੋੜਾਂਵਾਲੀ ’ਚ 1065 ਮੀਟ੍ਰਿਕ ਟਨ, ਸਿੱਖਵਾਲਾ ’ਚ 820 ਮੀਟ੍ਰਿਕ ਟਨ, ਵੜਿੰਗਖੇੜਾ ਤੇ ਫੱਤਾਕੇਰਾ ਵਿਚ 8-8 ਸੌ ਮੀਟ੍ਰਿਕ ਟਨ, ਮਾਹੂਆਣਾ 825 ਮੀਟ੍ਰਿਕ ਟਨ ਅਤੇ ਭੁੱਲਰਵਾਲਾ ਵਿਖੇ 447 ਮੀਟ੍ਰਿਕ ਟਨ ਝੋਨਾ ਚੁਕਾਈ ਖੁਣੋਂ ਪਿਆ ਹੈ। ਦੂਜੇ ਪਾਸੇ ਦਿਉਣ ਖੇੜਾ 350 ਮੀਟ੍ਰਿਕ ਟਨ ਤੇ ਹਾਕੂਵਾਲਾ (500 ਮੀਟ੍ਰਿਕ ਟਨ) ਵਿਖੇ ਖ਼ਰੀਦ ਸੁਸਤ ਹੋਣ ਕਾਰਨ ਕਿਸਾਨ ਔਖੇ ਹਨ। ਲੰਬੀ ਦੇ ਏ.ਐਫ਼.ਐਸ.ਓ. ਸੰਦੀਪ ਕੁਮਾਰ ਮੁਤਾਬਕ ਮੀਂਹ ਕਾਰਨ ਮੱਠੀ ਪਈ ਲਿਫ਼ਟਿੰਗ ਛੇਤੀ ਤੇਜ਼ ਕਰਕੇ ਕਾਰਜ ਲੀਹ ’ਤੇ ਲਿਆਂਦਾ ਜਾਵੇਗਾ। ਮਾਰਕਫੈੱਡ ਦੇ ਇੰਸਪੈਕਟਰ ਸੁਖਰਾਜ ਸਿੰਘ ਦਾ ਕਹਿਣਾ ਹੈ ਕਿ ਸ਼ੈਲਰ ਦੀ ਅਲਾਟਮੈਂਟ ਦੇਰੀ ਨਾਲ ਹੋਣ ਕਰਕੇ ਪਿੰਡ ਬਾਦਲ ’ਚ ਖ਼ਰੀਦ ਸ਼ੁਰੂ ਨਹੀਂ ਹੋ ਸਕੀ। ਭਾੜੇ ਦੇ ਰੇੜਕੇ ਕਾਰਨ ਲਿਫ਼ਟਿੰਗ ਠੱਪ-ਆੜ੍ਹਤੀਏ ਮਿੱਠੜੀ ਬੁੱਧਗਿਰ ਮੰਡੀ ਵਿਚ 2,750 ਮੀਟ੍ਰਿਕ ਟਨ ਵਿਚੋਂ 2,090 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਹੋਈ ਹੈ, ਜਿਸ ਵਿਚੋਂ 1,260 ਮੀਟ੍ਰਿਕ ਟਨ ਅਣਚੁੱਕਿਆ ਪਿਆ ਹੈ। ਪਨਗ੍ਰੇਨ ਦੇ ਖ਼ਰੀਦੇ 750 ਮੀਟ੍ਰਿਕ ਟਨ ਵਿਚੋਂ 610 ਮੀਟ੍ਰਿਕ ਟਨ ਦੀ ਲਿਫ਼ਟਿੰਗ ਬਾਕੀ ਹੈ। ਆੜ੍ਹਤੀਆਂ ਨੇ ਟਰੱਕਾਂ ਦੀ ਘਾਟ ਦਾ ਕਾਰਨ ਠੇਕੇਦਾਰ ਤੇ ਟਰੱਕ ਮਾਲਕਾਂ ਵਿਚਾਲੇ ਭਾੜੇ ਦਾ ਵਿਵਾਦ ਦੱਸਿਆ। ਪਨਗ੍ਰੇਨ ਵਲੋਂ ਠੇਕੇਦਾਰ ਨੂੰ ਦੋ ਨੋਟਿਸ ਜਾਰੀ ਕੀਤੇ ਗਏ ਹਨ। ਦੂਜੇ ਪਾਸੇ ਲਿਫ਼ਟਿੰਗ ਠੇਕੇਦਾਰ ਪ੍ਰਿੰਸ ਕੁਮਾਰ ਨੇ ਦੋਸ਼ ਨਕਾਰਦਿਆਂ ਕਿਹਾ ਕਿ ਮੀਂਹ ਕਾਰਨ ਸ਼ੈਲਰਾਂ ’ਚ ਚਿੱਕੜ ਹੋਣ ਕਰਕੇ ਲਿਫ਼ਟਿੰਗ ਵਿਚ ਦੇਰੀ ਹੋ ਰਹੀ ਹੈ।
ਪਿਛਲੀ ਖ਼ਬਰ ਡੱਬਵਾਲੀ ਮਲਕੋ ਆਸ਼ਰਮ ਵਿਖੇ ਸ਼ਰਦ ਪੂਰਨਿਮਾ ਮਹਾਉਤਸਵ ਮਨਾਇਆ ਅਗਲੀ ਖ਼ਬਰ ਸੂਬੇ ਦੇ ਸਕੂਲਾਂ ’ਚ ਪ੍ਰਿੰਸੀਪਲਾਂ ਦੀਆਂ 60 ਫ਼ੀਸਦੀ ਅਸਾਮੀਆਂ ਖ਼ਾਲੀ-ਡੀ.ਟੀ.ਐਫ਼.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।