ਮਾਨਸਾ, 15 ਫਰਵਰੀ (ਰਾਵਿੰਦਰ ਸਿੰਘ ਰਵੀ)- ਸ਼ਹਿਰ ਵਾਸੀਆਂ ਨੇ ਰੇਲਵੇ ਸਟੇਸ਼ਨ ਮਾਨਸਾ ਦੇ ਉੱਤਰ ਵਾਲੇ ਪਾਸੇ ਪ੍ਰਵੇਸ਼ ਦੁਆਰ ਰੱਖਣ ਦੀ ਮੰਗ ਕੀਤੀ ਹੈ | ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਕੁਮਾਰ ਆਗਰਾ ਨੇ ਦੱਸਿਆ ਕਿ ਨਾਰਦਰਨ ਰੇਲਵੇ ਵਲੋਂ 9 ਫਰਵਰੀ ਨੂੰ ਪ੍ਰਵੇਸ਼ ਦੁਆਰ ਦੀ ਮੰਗ ਸਬੰਧੀ ਭੇਜੇ ਗਏ ਜਵਾਬ 'ਚ ਕਿਹਾ ਗਿਆ ਹੈ ਕਿ ਦੂਸਰੇ ਐਂਟਰੀ ਗੇਟ ਦੀ ਮਨਜ਼ੂਰੀ ਯਾਤਰੀਆਂ ਦੀ ਰੋਜ਼ਾਨਾ ਗਿਣਤੀ, ਯੂ.ਟੀ.ਐਸ. ਟਿਕਟਾਂ ਅਤੇ ਰੇਵਨਿਊ ਦੇ ਅੰਕੜਿਆਂ ਦੇ ਆਧਾਰ 'ਤੇ ਨੀਤੀ ਮੁਤਾਬਿਕ ਦਿੱਤੀ ਜਾਂਦੀ ਹੈ ਪਰ ਮੌਜੂਦਾ ਅੰਕੜਿਆਂ ਅਨੁਸਾਰ ਇਹ ਮਾਪਦੰਡ ਪੂਰੇ ਨਹੀਂ ਹੁੰਦੇ | ਉਨ੍ਹਾਂ ਰੇਲਵੇ ਵਿਭਾਗ ਨੂੰ ਲਿਖਤੀ ਪੱਤਰ ਭੇਜਦਿਆਂ ਕਿਹਾ ਕਿ ਰੇਲਵੇ ਦਾ ਮੁੱਖ ਉਦੇਸ਼ ਯਾਤਰੀਆਂ ਨੂੰ ਸੁਰੱਖਿਅਤ, ਸੁਵਿਧਾਜਨਕ ਅਤੇ ਆਰਾਮਦਾਇਕ ਯਾਤਰਾ ਮੁਹੱਈਆ ਕਰਵਾਉਣਾ ਹੈ ਅਤੇ ਰੇਲਵੇ ਦੇ ਨਿਯਮ ਜਾਂ ਨੀਤੀਆਂ ਇਸ ਉਦੇਸ਼ ਤੋਂ ਉੱਪਰ ਨਹੀਂ ਹੋ ਸਕਦੇ | ਉਨ੍ਹਾਂ ਕਿਹਾ ਕਿ ਜਨਹਿਤ ਨਾਲ ਜੁੜੀਆਂ ਬੁਨਿਆਦੀ ਸੁਵਿਧਾਵਾਂ ਨੂੰ ਸਿਰਫ਼ ਅੰਕਾਂ ਦੇ ਆਧਾਰ 'ਤੇ ਨਜ਼ਰਅੰਦਾਜ਼ ਕਰਨਾ ਕੁਦਰਤੀ ਨਿਆਂ ਸਿਧਾਂਤਾਂ ਦੇ ਖ਼ਿਲਾਫ਼ ਹੈ | ਉਨ੍ਹਾਂ ਕਿਹਾ ਕਿ ਮਾਨਸਾ ਦੇ ਉੱਤਰ ਵਾਲੇ ਪਾਸੇ ਬੱਸ ਸਟੈਂਡ ਤੋਂ ਇਲਾਵਾ ਵੱਡੀ ਗਿਣਤੀ 'ਚ ਆਬਾਦੀ ਰਹਿੰਦੀ ਹੈ, ਜਿਨ੍ਹਾਂ ਲਈ ਰੇਲਵੇ ਸਟੇਸ਼ਨ ਤੱਕ ਸਿੱਧੀ, ਸੁਰੱਖਿਅਤ ਅਤੇ ਆਰਾਮਦਾਇਕ ਪਹੁੰਚ ਲਈ ਸਥਾਈ ਹੱਲ ਵਜੋਂ ਦੂਜਾ ਪ੍ਰਵੇਸ਼ ਦੁਆਰ ਬਣਾਉਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਰੇਲਵੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਜਾਇਜ਼ ਮੰਗ ਨੂੰ ਧਿਆਨ ਵਿਚ ਰੱਖਦਿਆਂ ਇਸ ਫ਼ੈਸਲੇ 'ਤੇ ਦੁਬਾਰਾ ਵਿਚਾਰ ਕੀਤਾ ਜਾਵੇ |