ਮਾਨਸਾ, 17 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਗੇਟ ਅੱਗੇ ਬੱਸਾਂ ਨਾ ਰੋਕਣ ਦੇ ਵਿਰੋਧ 'ਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਕਾਲਜ ਦੇ ਗੇਟ ਅੱਗੇ ਬੱਸਾਂ ਘੇਰੀਆਂ ਗਈਆਂ | ਯੂਨੀਅਨ ਆਗੂ ਅਰਵਿੰਦਰ ਕੌਰ ਨੇ ਕਿਹਾ ਕਿ ਕਾਲਜ ਦੇ ਗੇਟ ਅੱਗੇ ਬੱਸਾਂ ਨਾ ਰੁਕਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਅਸਰ ਪੈਣ ਦੇ ਨਾਲ ਹੀ ਆਉਣ-ਜਾਣ 'ਚ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਦਿਆਰਥੀਆਂ ਨੂੰ ਕਾਲਜ ਆਉਣਾ ਉਸ ਸਮੇਂ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਜਦੋਂ ਬੱਸਾਂ ਕਾਲਜ ਗੇਟ ਅੱਗੇ ਨਹੀਂ ਰੋਕੀਆਂ ਜਾਂਦੀਆਂ | ਉਨ੍ਹਾਂ ਕਿਹਾ ਕਿ ਜਿੱਥੇ ਵਿਦਿਆਰਥੀਆਂ ਦੇ ਮਾਪੇ ਪੜ੍ਹਾਈ ਦਾ ਖਰਚਾ ਮੁਸ਼ਕਿਲ ਨਾਲ ਚੁੱਕਦੇ ਹਨ ਉੱਥੇ ਉਨ੍ਹਾਂ 'ਤੇ ਕਿਰਾਏ ਦਾ ਬੋਝ ਹੋਰ ਸਮੱਸਿਆਵਾਂ ਪੈਦਾ ਕਰਦਾ ਹੈ | ਆਗੂ ਨੇ ਦੱਸਿਆ ਕਿ ਵਿਦਿਆਰਥੀ ਰੋਜ਼ਾਨਾ ਸਥਾਨਕ ਸ਼ਹਿਰ ਦੀ ਤਿੰਨਕੋਨੀ ਤੋਂ 3 ਕਿਲੋਮੀਟਰ ਪੈਦਲ ਤੁਰ ਕੇ ਕਾਲਜ ਆਉਣ-ਜਾਣ ਲਈ ਮਜਬੂਰ ਹਨ | ਇਸ ਤਰ੍ਹਾਂ ਉਨ੍ਹਾਂ ਦੀ ਪੜ੍ਹਾਈ ਦਾ ਕੀਮਤੀ ਸਮਾਂ 6 ਕਿਲੋਮੀਟਰ ਪੈਦਲ ਆਉਣ-ਜਾਣ 'ਚ ਹੀ ਲੰਘ ਜਾਂਦਾ ਹੈ | ਸਾਹਿਬ ਸਿੰਘ ਨੇ ਕਿਹਾ ਪੀ.ਆਰ.ਟੀ.ਸੀ. ਬੱਸਾਂ ਸਰਕਾਰ ਦੀਆਂ ਰੈਲੀਆਂ ਦਾ ਸ਼ਿੰਗਾਰ ਬਣਦੀਆਂ ਜਾ ਰਹੀਆਂ ਹਨ ਪ੍ਰੰਤੂ ਵਿਦਿਆਰਥੀਆਂ ਦੇ ਵਿੱਦਿਅਕ ਸੰਸਥਾਵਾਂ ਅੱਗੇ ਬੱਸਾਂ ਰੋਕਣ ਦਾ ਕੋਈ ਸਮਾਂ ਨਹੀਂ ਹੁੰਦਾ | ਇਕਾਈ ਆਗੂ ਹਰਗੋਬਿੰਦ ਸਿੰਘ ਨੇ ਕਿਹਾ ਕੇ ਜੇਕਰ ਬੇਨਤੀ ਕਰਨ ਦੇ ਬਾਵਜੂਦ ਬੱਸਾਂ ਕਾਲਜ ਗੇਟ ਅੱਗੇ ਨਾ ਰੋਕੀਆਂ ਗਈਆਂ ਤਾਂ ਯੂਨੀਅਨ ਵਲੋਂ ਕਾਲਜ ਗੇਟ ਅੱਗੇ ਰੋਡ ਜਾਮ ਕਰ ਕੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਇਕਾਈ ਆਗੂ ਸੰਦੀਪ ਕੌਰ, ਜਗਦੇਵ ਸਿੰਘ, ਜਸਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਹੁਸਨ ਸਿੰਘ, ਸਾਹਿਬ ਸਿੰਘ ਭਾਟੀਆ, ਜਥੇਬੰਦੀ ਆਈਸਾ ਤੋਂ ਸੁਖਜੀਤ ਸਿੰਘ, ਕੁਲਵੰਤ ਸਿੰਘ, ਅਰਸ਼ਦੀਪ ਸਿੰਘ, ਹਨੀ ਆਦਿ ਹਾਜ਼ਰ ਸਨ |
ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਨਹਿਰੂ ਕਾਲਜ ਮਾਨਸਾ ਦੇ ਗੇਟ ਅੱਗੇ ਬੱਸਾਂ ਦਾ ਘਿਰਾਓ
ਅਜੀਤ ਡੈਸਕ
18-02-2026