ਮਾਨਸਾ, 17 ਫਰਵਰੀ (ਸ. ਰਿਪੋ.)- ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਵਫ਼ਦ ਜ਼ਿਲ੍ਹੇ ਦੇ ਵਣ ਵਿਭਾਗ 'ਚ ਵੱਡੀ ਪੱਧਰ 'ਤੇ ਦਰੱਖ਼ਤਾਂ ਦੀ ਕਟਾਈ ਅਤੇ ਸਾਂਭ ਸੰਭਾਲ ਨਾ ਹੋਣ 'ਤੇ ਡੀ. ਐਫ. ਓ. ਨੂੰ ਮਿਲਿਆ | ਲਿਬਰੇਸ਼ਨ ਦੇ ਕੇਂਦਰੀ ਆਗੂ ਕਾ. ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਵੱਡੇ ਹਾਈਵੇਅ ਬਣਾਉਣ ਸਮੇਂ ਹਜ਼ਾਰਾਂ ਪੁਰਾਣੇ ਦਰਖਤਾਂ ਦਾ ਪਹਿਲਾਂ ਹੀ ਉਜਾੜਾ ਹੋ ਚੁੱਕਾ ਹੈ ਜਦਕਿ ਹੁਣ ਮਾਨਸਾ ਜ਼ਿਲ੍ਹਾ ਦੇ ਵਣ ਵਿਭਾਗ 'ਚ ਨਹਿਰਾਂ ਅਤੇ ਹਾਈਵੇਅ ਸੜਕਾਂ 'ਤੇ ਲੱਗੇ ਪੁਰਾਣੇ ਵੱਡੇ ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਹੋ ਰਹੀ ਹੈ ਤੇ ਬਹੁਤ ਹੀ ਛੋਟੇ ਦਰੱਖ਼ਤਾਂ 'ਤੇ ਨੰਬਰ ਲਗਾ ਕੇ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਵਣ ਵਿਭਾਗ ਦੇ ਮੰਤਰੀ ਤੋਂ ਮੰਗ ਕੀਤੀ ਕਿ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਿ ਹਜ਼ਾਰਾਂ ਦਰਖਤਾਂ ਦੀ ਨਾਜਾਇਜ਼ ਕਟਾਈ ਦਾ ਸਕੈਂਡਲ ਸਾਹਮਣੇ ਆ ਸਕੇ | ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾ, ਕਾ. ਗੁਰਸੇਵਕ ਸਿੰਘ ਮਾਨ ਆਦਿ ਹਾਜ਼ਰ ਸਨ | ਉਨ੍ਹਾਂ ਅਧਿਕਾਰੀ ਨੂੰ ਮੰਗ ਪੱਤਰ ਵੀ ਦਿੱਤਾ |