ਮਾਨਸਾ, 18 ਫਰਵਰੀ (ਰਾਵਿੰਦਰ ਸਿੰਘ ਰਵੀ)- ਮਾਨਸਾ ਜ਼ਿਲੇ੍ਹ ਦੇ ਹਰ ਘਰ 'ਚ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਪਹੁੰਚਾਉਣਾ ਸਾਡਾ ਪ੍ਰਮੁੱਖ ਉਦੇਸ਼ ਹੈ | ਇਹ ਪ੍ਰਗਟਾਵਾ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਐਨ.ਆਈ.ਸੀ., ਸੀ.ਐਸ.ਸੀ ਅਤੇ ਸੇਵਾ ਕੇਂਦਰ ਦੀ ਟੀਮ ਨਾਲ ਸਮੀਖਿਆ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਕੈਂਪ ਲਗਾ ਕੇ ਸਿਹਤ ਕਾਰਡਾਂ ਦੀ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਕੈਂਪਾਂ ਰਾਹੀਂ ਹੁਣ ਤੱਕ ਸਬ ਡਵੀਜ਼ਨ ਬੁਢਲਾਡਾ, ਮਾਨਸਾ ਅਤੇ ਸਰਦੂਲਗੜ੍ਹ ਵਿਖੇ 25 ਹਜ਼ਾਰ 160 ਪਰਿਵਾਰਾਂ ਦੀ ਰਜਿਸਟਰੇਸ਼ਨ ਕੀਤੀ ਜਾ ਚੁੱਕੀ ਹੈ | ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਰਜਿਸਟਰੇਸ਼ਨ ਪ੍ਰਕਿਰਿਆ 'ਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਕੋਈ ਵੀ ਨਾਗਰਿਕ ਇਸ ਸਹੂਲਤ ਤੋਂ ਵਾਂਝਾ ਨਾ ਰਹੇ | ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਦਾ ਮੁੱਖ ਉਦੇਸ਼ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਕਾਰਡ ਬਣਵਾਉਣ ਦੀ ਸਹੂਲਤ ਪ੍ਰਦਾਨ ਕਰਨਾ ਹੈ ਤਾਂ ਜੋ ਕਿਸੇ ਨੂੰ ਵੀ ਦੂਰ-ਦੁਰਾਡੇ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ | ਉਨ੍ਹਾਂ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਕਾਰਡ ਬਣਵਾਉਣ ਲਈ ਆਪਣੇ ਵੋਟਰ ਆਈ.ਡੀ. ਕਾਰਡ, ਆਧਾਰ ਕਾਰਡ ਤੋਂ ਇਲਾਵਾ ਜੇਕਰ ਮੈਂਬਰ ਨਬਾਲਗ ਹੈ ਤਾਂ ਜਨਮ ਸਰਟੀਫਿਕੇਟ, ਪਰਿਵਾਰ ਦੇ ਮੁਖੀ ਦਾ ਆਈ.ਡੀ. ਕਾਰਡ ਅਤੇ ਰਿਸ਼ਤੇ ਵਜੋਂ ਘੋਸ਼ਣਾ ਪੱਤਰ ਜ਼ਰੂਰ ਲੈ ਕੇ ਆਉਣ |
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜ਼ਿਲੇ੍ਹ 'ਚ 25 ਹਜ਼ਾਰ 160 ਪਰਿਵਾਰਾਂ ਦੀ ਰਜਿਸਟਰੇਸ਼ਨ ਹੋਈ-ਨਵਜੋਤ ਕੌਰ
ਅਜੀਤ ਡੈਸਕ
19-02-2026