ਮਾਨਸਾ, 19 ਫਰਵਰੀ (ਧਾਲੀਵਾਲ)- ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਨੇ ਕਿਸਾਨੀ ਮਸਲਿਆਂ 'ਤੇ ਭਾਜਪਾ ਵਾਲਾ ਰਾਹ ਅਪਣਾ ਲਿਆ ਹੈ | ਉਨ੍ਹਾਂ ਬੀਤੇ ਕੱਲ੍ਹ ਬਠਿੰਡਾ ਧਰਨੇ 'ਚ ਸ਼ਾਮਿਲ ਹੋਣ ਜਾ ਰਹੇ ਕਿਸਾਨਾਂ 'ਤੇ ਪੁਲਿਸ ਵਲੋਂ ਕੀਤੇ ਤਸ਼ੱਦਦ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਦੋਂ ਸੰਘਰਸ਼ਕਾਰੀ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਜਾ ਰਹੇ ਸਨ ਤਾਂ ਨਾਕੇਬੰਦੀਆਂ ਕਰ ਕੇ ਜਬਰੀ ਰੋਕਣਾ ਜਮਹੂਰੀ ਹੱਕਾਂ ਦੀ ਉਲੰਘਣਾ ਹੈ | ਉਨ੍ਹਾਂ ਕਿਹਾ ਕਿ ਸਿਤਮਜਰੀਫੀ ਇਹ ਹੈ ਕਿ ਟਕਰਾਅ ਦੌਰਾਨ ਜ਼ਖ਼ਮੀ ਹੋਏ ਕਈ ਕਿਸਾਨਾਂ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ | ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨ ਵਿਰੋਧੀ ਏਜੰਡੇ 'ਤੇ ਚੱਲ ਪਈ ਹੈ | ਕਾਂਗਰਸ ਆਗੂ ਨੇ ਸਰਕਾਰ ਨੂੰ ਹਰ ਫ਼ਰੰਟ 'ਤੇ ਫ਼ੇਲ੍ਹ ਦੱਸਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਵਾਅਦੇ ਪੂਰੇ ਕਰਨ 'ਚ ਆਪ ਹਕੂਮਤ ਨਾਕਾਮ ਰਹੀ ਹੈ |