ਮਾਨਸਾ, 29 ਮਾਰਚ (ਰਾਵਿੰਦਰ ਸਿੰਘ ਰਵੀ)-ਇਨਵਾਇਰਮੈਂਟ ਸੁਸਾਇਟੀ ਵਲੋਂ ਸਥਾਨਕ ਸੈਂਟਰਲ ਪਾਰਕ ਵਿਖੇ ਲਗਾਇਆ 28ਵਾਂ ਫੁੱਲਾਂ ਦਾ ਮੇਲਾ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦਾ ਹੋਕਾ ਦਿੰਦਾ ਸਮਾਪਤ ਹੋਇਆ | ਮੇਲੇ ਦਾ ਉਦਘਾਟਨ ਹਲਕਾ ਵਿਧਾਇਕ ਤੇ ਸੁਸਾਇਟੀ ਦੇ ਪ੍ਰਧਾਨ ਡਾ. ਵਿਜੈ ਸਿੰਗਲਾ ਨੇ ਕਰਦਿਆਂ ਕਿਹਾ ਕਿ ਜੇਕਰ ਵਾਤਾਵਰਨ ਨੂੰ ਬਚਾਉਣ ਲਈ ਹਾਲੇ ਵੀ ਪੰਜਾਬੀ ਪਿਆਰੇ ਅੱਗੇ ਨਾ ਆਏ ਤਾਂ ਇਸ ਦਾ ਖ਼ਮਿਆਜ਼ਾ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਨਾਲ ਹੀ ਵਾਤਾਵਰਨ ਦੀ ਸ਼ੁੱਧਤਾ ਲਈ ਵਚਨਬੱਧ ਹੈ | ਪ੍ਰੋਜੈਕਟ ਚੇਅਰਮੈਨ ਨਰੇਸ਼ ਕੁਮਾਰ ਵਿੱਕੀ ਅਤੇ ਕਨਵੀਨਰ ਅਸ਼ੋਕ ਸਪੋਲੀਆ ਨੇ ਦੱਸਿਆ ਕਿ ਇਸ ਤੋਂ ਪਹਿਲਾਂ 27 ਫੁੱਲਾਂ ਦੇ ਮੇਲੇ ਲਗਾਏ ਜਾ ਚੁੱਕੇ ਹਨ ਅਤੇ ਹਰ ਵਾਰ ਲੋਕਾਈ ਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਫੁੱਲਾਂ ਦਾ ਮੇਲਾ ਆਪਸੀ ਪਿਆਰ ਤੇ ਮੁਹੱਬਤ ਇਜ਼ਹਾਰ ਕਰਵਾਉਂਦਾ ਹੈ | ਭਾਂਤ-ਭਾਂਤ ਦੇ ਫੁੱਲਾਂ ਦੀਆਂ ਲਗਾਈਆਂ ਪ੍ਰਦਰਸ਼ਨੀਆਂ ਨੇ ਲੋਕਾਂ ਦਾ ਮਨ ਮੋਹਿਆ ਜਦਕਿ ਬੱਚਿਆਂ ਵਲੋਂ ਪੇਸ਼ ਕੀਤੀਆਂ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਵੀ ਕਮਾਲ ਦੀ ਸੀ | ਗਤਕਾ ਪਾਰਟੀਆਂ ਵਲੋਂ ਦਿਖਾਏ ਜੌਹਰ ਲੂੰ ਕੰਢੇ ਖੜ੍ਹੇ ਕਰਦੇ ਸਨ | ਜੇਤੂ ਬੱਚਿਆਂ ਨੂੰ ਇਨਾਮ ਵੰਡਣ ਦੀ ਰਸਮ ਡਾ. ਸੁਖਪਾਲ ਸਿੰਘ ਚੇਅਰਮੈਨ ਪੰਜਾਬ ਫਾਰਮਰ ਕਮਿਸ਼ਨ ਅਤੇ ਐੱਸ.ਐੱਸ.ਪੀ. ਭਾਗੀਰਥ ਸਿੰਘ ਮੀਨਾ ਨੇ ਨਿਭਾਈ | ਐੱਸ.ਡੀ. ਕੰਨਿਆ ਮਹਾਂਵਿਦਿਆਲਿਆ ਦੇ ਈਕੋ ਕਲੱਬ ਵਲੋਂ 'ਬੂਟਾ ਪਹਿਚਾਣੋ ਇਨਾਮ ਜਿੱਤੋ' ਕਰਵਾਇਆ ਕੁਇਜ਼ ਮੁਕਾਬਲਾ ਖਿੱਚ ਦਾ ਕੇਂਦਰ ਰਿਹਾ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੁਮਾਰ ਨੀਨੂ, ਭਾਜਪਾ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਕਾਂਗਰਸ ਆਗੂ ਅਮਨ ਸਿੰਗਲਾ ਢੈਪਈ, ਡਾ. ਜਨਕ ਰਾਜ ਸਿੰਗਲਾ, ਪੱਪੀ ਦਾਨੇਵਾਲੀਆ, ਮਿੱਠੂ ਅਰੋੜਾ, ਵਨੀਤ ਸਿੰਗਲਾ, ਵਰਨ ਮਾਲਵਾ ਸੀ.ਏ., ਪਿ੍ੰਸੀਪਲ ਗਰਿਮਾ ਮਹਾਜਨ, ਮੇਜਰ ਸਿੰਘ ਫ਼ੌਜੀ, ਕਾ. ਰਾਜਵਿੰਦਰ ਸਿੰਘ ਰਾਣਾ, ਡਾ. ਵਿਨੋਦ ਮਿੱਤਲ, ਵਿਸ਼ਾਲ ਜੈਨ ਗੋਲਡੀ, ਰੋਹਤਾਸ਼ ਸਿੰਗਲਾ, ਬਲਜੀਤ ਸਿੰਘ ਕੜਵਲ, ਅਮਨ ਮਿੱਤਲ, ਪੁਨੀਤ ਸ਼ਰਮਾ, ਡਾ. ਵਿਕਾਸ ਸ਼ਰਮਾ, ਨਵਦੀਪ ਆਹਲੂਵਾਲੀਆ, ਪੂਰਨਚੰਦ, ਵਿਜੇ ਕੁਮਾਰ ਜਿੰਦਲ, ਅੰਮਿ੍ਤਪਾਲ ਗੋਇਲ, ਐਡਵੋਕੇਟ ਆਰ.ਸੀ. ਗੋਇਲ, ਰਾਕੇਸ਼ ਸੇਠੀ ਆਦਿ ਹਾਜ਼ਰ ਸਨ |
ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦਾ ਹੋਕਾ ਦੇ ਗਿਆ ਫੁੱਲਾਂ ਦਾ ਮੇਲਾ
ਅਜੀਤ ਡੈਸਕ
30-03-2026