ਮਾਨਸਾ, 30 ਅਪ੍ਰੈਲ (ਧਾਲੀਵਾਲ)- 'ਆਪ' ਸਰਕਾਰ ਵਲੋਂ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਮੌਕੇ ਬੁਲਾਇਆ ਵਿਧਾਨ ਸਭਾ ਵਿਸ਼ੇਸ਼ ਇਜਲਾਸ ਸਿਰਫ਼ ਆਪਣੀਆਂ ਨਾਕਾਮੀਆਂ 'ਤੇ ਪੜਦਾ ਪਾਉਣ ਲਈ ਡਰਾਮਾ ਹੈ ਜਦਕਿ ਲੋੜ ਇਹ ਸੀ ਕਿ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ 'ਚ ਮਜ਼ਦੂਰਾਂ/ਕਰਮਚਾਰੀਆਂ ਦੀ ਕਿਰਤ ਦੀ ਲੁੱਟ ਬੰਦ ਕਰਵਾਈ ਜਾਵੇ | ਇਹ ਪ੍ਰਗਟਾਵਾ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਅਤੇ ਬਹੁਜਨ ਮੁਕਤੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਜਸਵੰਤ ਸਿੰਘ ਮਾਨਸਾ ਨੇ ਕੀਤਾ | ਉਨ੍ਹਾਂ ਰੋਸ ਪ੍ਰਗਟਾਉਂਦਿਆਂ ਕਿਹਾ ਕਿ 'ਆਪ' ਨੇ ਡਾ. ਅੰਬੇਡਕਰ ਅਤੇ ਭਗਤ ਸਿੰਘ ਦੀਆਂ ਫ਼ੋਟੋਆਂ ਦਿਖਾ ਕੇ ਸੱਤਾ ਤਾਂ ਹਾਸਲ ਕਰ ਲਈ ਪਰ ਪਾਰਟੀ ਅਮਲ 'ਚ ਖਰੀ ਨਹੀਂ ਉੱਤਰੀ | ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਮੰਨ ਕੇ ਸਰਕਾਰ ਕਿਰਤੀ ਪੱਖੀ ਹੋਣ ਦਾ ਵਾਅਦਾ ਪੂਰਾ ਕਰੇ |