ਬਰੇਟਾ, 18 ਮਈ (ਜੀਵਨ ਸ਼ਰਮਾ)- ਸਥਾਨਕ ਨਗਰ ਕੌਂਸਲ ਚੋਣਾਂ ਵਿਚ ਸ਼ਹਿਰ ਦੇ ਵਿਚਕਾਰ ਵਸਿਆ ਵਾਰਡ ਨੰਬਰ 4 ਲੋਕਾਂ ਲਈ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ਹੈ ਕਿਉਂਕਿ ਸ਼ਹਿਰ ਅਧੀਨ ਆਉਂਦੇ 8 ਵਾਰਡਾਂ ਵਿਚ ਇਹ ਵਾਰਡ ਹੀ ਇਕੱਲਾ ਜਰਨਲ ਹੈ ਜਦਕਿ ਬਾਕੀ ਜਰਨਲ ਵਾਰਡ ਰੇਲਵੇ ਲਾਈਨ ਦੇ ਦੂਸਰੇ ਪਾਰ ਪਿੰਡ ਵਾਲੇ ਪਾਸੇ ਆਉਂਦੇ ਹਨ, ਜਿਸ ਕਰ ਕੇ ਦੂਸਰੇ ਵਾਰਡਾਂ ਦੇ ਜਰਨਲ ਉਮੀਦਵਾਰਾਂ ਨੇ ਵੀ ਚੋਣ ਲੜਨ ਲਈ ਇਸ ਵਾਰਡ ਨੂੰ ਹੀ ਚੁਣਿਆ ਹੈ | ਵੋਟਾਂ ਦੀ ਗਿਣਤੀ ਦੇ ਹਿਸਾਬ ਨਾਲ ਵੀ ਇੱਥੇ ਦੂਜੇ ਵਾਰਡਾਂ ਨਾਲੋਂ ਜ਼ਿਆਦਾ 1700 ਦੇ ਕਰੀਬ ਵੋਟਾਂ ਹਨ | ਸ਼ਹਿਰ ਦੇ ਮੁੱਖ ਬਾਜ਼ਾਰ ਕਿ੍ਸ਼ਨਾ ਮੰਦਿਰ ਦੇ ਆਲੇ ਦੁਆਲੇ ਘੰੁਮਦੇ ਇਸ ਵਾਰਡ ਵਿਚ ਮੌਜੂਦਾ ਕੌਂਸਲ ਪ੍ਰਧਾਨ ਗਾਂਧੀ ਰਾਮ ਸਿੰਗਲਾ, ਸਾਬਕਾ ਕਾਰਜਕਾਰੀ ਪ੍ਰਧਾਨ ਵਿਕਾਸ ਕੁਮਾਰ ਮਿੱਤਲ, ਸਾਬਕਾ ਮੀਤ ਪ੍ਰਧਾਨ ਅਮਨਦੀਪ, ਕੌਂਸਲਰ ਵਿਨੋਦ ਕੁਮਾਰ ਬਬਲਾ ਅਤੇ ਦਿਨੇਸ਼ ਕੁਮਾਰ, ਪ੍ਰੇਮ ਕੁਮਾਰ, ਮਨੀਸ਼ ਕੁਮਾਰ, ਅਕਾਸ਼ ਮਿੱਤਲ ਵਲੋਂ ਕਾਗ਼ਜ਼ ਦਾਖਲ ਕੀਤੇ ਹੋਏ ਹਨ | ਸਾਰੇ ਉਮੀਦਵਾਰਾਂ ਵਲੋਂ ਵਾਰਡ ਦੇ ਵਿਕਾਸ ਕਰਵਾਉਣ ਦੇ ਵਾਅਦੇ ਵੀ ਕੀਤੇ ਜਾ ਰਹੇ ਹਨ ਅਤੇ ਵੋਟਾਂ ਵੀ ਵਿਕਾਸ ਦੇ ਨਾਂਅ 'ਤੇ ਹੀ ਮੰਗੀਆਂ ਜਾਣਗੀਆਂ | ਭਾਵੇਂ ਕਿ ਕੁਝ ਹੋਰ ਵਾਰਡਾਂ 'ਚ ਵੀ ਮੁਕਾਬਲੇ ਦਿਲਚਸਪ ਹੋਣਗੇ ਪਰ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਇਸ ਵਾਰਡ ਦੀ ਹਾਰ ਜਿੱਤ 'ਤੇ ਹੀ ਲੱਗੀਆਂ ਰਹਿਣਗੀਆਂ |