ਬੁਢਲਾਡਾ, 18 ਮਈ (ਸਵਰਨ ਸਿੰਘ ਰਾਹੀ)- ਕਿਸਾਨਾਂ ਨੂੰ ਖੇਤੀਬਾੜੀ ਨਾਲ ਸੰਬੰਧਿਤ ਸਹੂਲਤਾਂ ਅਤੇ ਸਮੇਂ ਸਿਰ ਜਾਣਕਾਰੀ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਬੁਢਲਾਡਾ ਬਲਾਕ ਦੇ ਕਸਬਾ ਬੋਹਾ ਅਤੇ ਬਰੇਟਾ 'ਚ ਸਬ-ਦਫਤਰ ਖੋਲ੍ਹਣੇ ਚਾਹੀਦੇ ਹਨ | ਇਹ ਮੰਗ ਕਰਦਿਆਂ ਕਿਸਾਨ ਯੂਨੀਅਨ (ਕਾਦੀਆਂ) ਦੇ ਸੂਬਾ ਆਗੂ ਕੁਲਦੀਪ ਸਿੰਘ ਚੱਕ ਭਾਈਕੇ, ਜ਼ਿਲ੍ਹਾ ਆਗੂ ਸ਼ਿੰਗਾਰਾ ਸਿੰਘ ਦੋਦੜਾ, ਭਾਕਿਯੂ (ਡਕੌਂਦਾ) ਦੇ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਕਲਾਂ ਆਦਿ ਨੇ ਕਿਹਾ ਕਿ ਬਰੇਟਾ ਅਤੇ ਬੋਹਾ ਖੇਤਰ 'ਚ ਬਹੁ-ਗਿਣਤੀ ਖੇਤੀ ਰਕਬਾ ਹੋਣ ਦੇ ਬਾਵਜੂਦ ਦੋਨੋਂ ਥਾਵਾਂ 'ਤੇ ਵਿਭਾਗ ਦੇ ਦਫ਼ਤਰ ਨਾ ਹੋਣ ਕਾਰਨ ਕਿਸਾਨਾਂ ਨੂੰ ਆਪਣੇ ਖੇਤੀਬਾੜੀ ਨਾਲ ਸਬੰਧਿਤ ਕੰਮ-ਧੰਦੇ, ਸਰਕਾਰੀ ਸਹੂਲਤਾਂ ਆਦਿ ਸੰਬੰਧੀ ਬੁਢਲਾਡਾ ਦਫ਼ਤਰ ਵਿਖੇ ਹੀ ਆਉਣਾ ਪੈਂਦਾ ਹੈ ਅਤੇ ਕਈ ਵਾਰ ਉਹ ਲੋੜੀਂਦੀਆਂ ਸਰਕਾਰੀ ਸਹੂਲਤਾਂ ਲੈਣ ਤੋਂ ਵੀ ਪਛੜ ਜਾਂਦੇ ਹਨ | ਦੂਜਾ ਉਕਤ ਥਾਵਾਂ 'ਤੇ ਦਫ਼ਤਰ ਨਾ ਹੋਣ ਕਰ ਕੇ ਕਿਸਾਨਾਂ ਨੂੰ ਮਿਆਰੀ ਬੀਜਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਗੁਣਵੱਤਾ ਵਗ਼ੈਰਾ ਪ੍ਰਤੀ ਸ਼ੰਕਾ ਬਣੀ ਰਹਿੰਦੀ ਹੈ | ਉਕਤ ਆਗੂਆਂ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਭਾਗ ਦੇ ਹੋਰਨਾਂ ਉੱਚ ਅਧਿਕਾਰੀਆਂ ਪਾਸੋਂ ਉਕਤ ਦਫ਼ਤਰ ਖੋਲ੍ਹਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਜਿੱਥੇ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਿਤ ਸਰਕਾਰੀ ਸਹੂਲਤਾਂ ਦਾ ਲਾਭ ਸਮੇਂ ਸਿਰ ਮਿਲ ਸਕੇਗਾ ਉੱਥੇ ਉਨ੍ਹਾਂ ਦੀ ਬੀਜ ਅਤੇ ਕੀਟਨਾਸ਼ਕ ਪ੍ਰਤੀ ਸ਼ੰਕਾ ਵੀ ਦੂਰ ਹੋਵੇਗੀ |