ਮਾਨਸਾ, 19 ਮਈ (ਗੁਰਚੇਤ ਸਿੰਘ ਫੱਤੇਵਾਲੀਆ)- ਪ੍ਰੀ-ਸਪੈਸ਼ਲ ਇੰਟਾੈਸਿਵ ਰਿਵੀਜ਼ਨ (ਐਸ.ਆਈ.ਆਰ.) ਮੈਪਿੰਗ ਤਹਿਤ ਵੋਟਰਾਂ ਦੀ ਮੈਪਿੰਗ ਦੇ ਕੰਮ ਵਿਚ ਸ਼ਲਾਘਾਯੋਗ ਕਾਰਗੁਜ਼ਾਰੀ ਕਰਦਿਆਂ ਜ਼ਿਲ੍ਹਾ ਮਾਨਸਾ ਪੰਜਾਬ ਭਰ 'ਚੋਂ ਮੋਹਰੀ ਸਥਾਨ 'ਤੇ ਚੱਲ ਰਿਹਾ ਹੈ | ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ 15 ਜੂਨ ਤੋਂ ਸ਼ੁਰੂ ਹੋਵੇਗੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ 'ਚ ਕੁੱਲ 5 ਲੱਖ 92 ਹਜ਼ਾਰ 175 ਦੇ ਕਰੀਬ ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿਚੋਂ 5 ਲੱਖ 54 ਹਜ਼ਾਰ 861 ਵੋਟਰਾਂ ਦੀ ਮੈਪਿੰਗ ਕੀਤੀ ਜਾ ਚੁੱਕੀ ਹੈ ਅਤੇ ਸਿਰਫ਼ 37 ਹਜ਼ਾਰ, 314 ਵੋਟਰ ਮੈਪ ਹੋਣੇ ਬਾਕੀ ਹਨ | ਉਨ੍ਹਾਂ ਦੱਸਿਆ ਕਿ ਜਿਹੜੇ ਪੋਲਿੰਗ ਸਟੇਸ਼ਨਾਂ 'ਤੇ 1200 ਤੋਂ ਵੱਧ ਵੋਟਰ ਹੋਣਗੇ, ਉਨ੍ਹਾਂ ਬੂਥਾਂ ਦੀ ਰੈਸ਼ਨੇਲਾਈਜੇਸ਼ਨ ਕਰਨ ਉਪਰੰਤ 24 ਜੁਲਾਈ ਤੱਕ ਤਜਵੀਜ਼ ਭੇਜੀ ਜਾਵੇਗੀ ਅਤੇ 31 ਜੁਲਾਈ ਨੂੰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਹੋਵੇਗੀ | ਉਨ੍ਹਾਂ ਦੱਸਿਆ ਕਿ 31 ਜੁਲਾਈ ਤੋਂ 30 ਅਗਸਤ ਤੱਕ ਦਾਅਵੇ ਅਤੇ ਇਤਰਾਜ਼ ਲਏ ਜਾਣਗੇ | ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸਿਮਰਪ੍ਰੀਤ ਕੌਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਆਪਣਾ ਇਹ ਗਣਨਾ ਫਾਰਮ ਭਰ ਕੇ ਸਮੇਂ ਸਿਰ ਸਬੰਧਿਤ ਬੀ.ਐਲ.ਓ. ਨੂੰ ਜਮਾਂ ਕਰਵਾਉਣ ਜਾਂ ਆਨਲਾਈਨ voters.eci.gov.in 'ਤੇ ਦਰਜ ਕਰਵਾਉਣ | ਉਨ੍ਹਾਂ ਦੱਸਿਆ ਕਿ ਐਸ.ਆਈ.ਆਰ. ਨਾਲ ਸਬੰਧਿਤ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਟੋਲ ਫ਼ਰੀ ਹੈਲਪਲਾਈਨ ਨੰਬਰ 1950 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਇਸ ਮੌਕੇ ਤਹਿਸੀਲਦਾਰ ਚੋਣਾਂ ਭੂਸ਼ਣ ਕੁਮਾਰ ਵੀ ਹਾਜ਼ਰ ਸਨ |