ਮਾਨਸਾ, 9 ਜੂਨ (ਰਾਵਿੰਦਰ ਸਿੰਘ ਰਵੀ)- ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਹੇਠ 'ਪਸ਼ੂ ਜਨਮ ਨਿਯੰਤਰਣ ਪ੍ਰੋਗਰਾਮ' ਨੂੰ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ 'ਚ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਨਵਜੋਤ ਕੌਰ ਡਿਪਟੀ ਕਮਿਸ਼ਨਰ ਵਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕੀਤੀ ਗਈ | ਉਨ੍ਹਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਪਸ਼ੂ ਜਨਮ ਨਿਯੰਤਰਣ ਪ੍ਰੋਗਰਾਮ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ | ਉਨ੍ਹਾਂ ਕਿਹਾ ਕਿ ਬੇਸਹਾਰਾ ਕੁੱਤਿਆਂ ਦੀ ਨਸਬੰਦੀ (ਅਪਰੇਸ਼ਨ) ਦੀ ਪ੍ਰਕਿਰਿਆ ਨੂੰ ਨਿਯਮਾਂ ਅਨੁਸਾਰ ਜਲਦ ਤੋਂ ਜਲਦ ਆਰੰਭ ਕਰਨ ਲਈ ਕਾਰਵਾਈ ਅਮਲ 'ਚ ਲਿਆਉਣ ਦੇ ਨਾਲ ਹੀ ਇਸ ਕਾਰਜ ਲਈ ਢੁਕਵੀਂ ਜਗ੍ਹਾ ਦੀ ਭਾਲ ਕੀਤੀ ਜਾਵੇ | ਉਨ੍ਹਾਂ ਦੱਸਿਆ ਕਿ ਬੁਢਲਾਡਾ, ਬਰੇਟਾ ਅਤੇ ਬੋਹਾ ਵਿਖੇ ਕਲੱਸਟਰ ਦਾ ਗਠਨ ਕਰਦੇ ਹੋਏ ਨਸਬੰਦੀ ਸੈਂਟਰ ਸਥਾਪਿਤ ਕਰਨ ਲਈ ਯੋਗ ਥਾਂ ਦੀ ਪਛਾਣ ਕੀਤੀ ਗਈ ਹੈ, ਜਿਸ ਲਈ ਟੈਂਡਰ ਵੀ ਜਾਰੀ ਕਰ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਮਾਨਸਾ, ਸਰਦੂਲਗੜ੍ਹ, ਜੋਗਾ ਤੇ ਭੀਖੀ ਆਧਾਰਿਤ ਕਲੱਸਟਰ ਵੀ ਬਣਾਇਆ ਗਿਆ ਹੈ | ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਸ਼ਹਿਰੀ ਅਤੇ ਦਿਹਾਤੀ ਖੇਤਰਾਂ 'ਚ ਅਜਿਹੇ 'ਹੌਟ ਸਪਾਟ' (ਵਧੇਰੇ ਪ੍ਰਭਾਵਿਤ) ਖੇਤਰਾਂ ਦੀ ਪਛਾਣ ਕੀਤੀ ਜਾਵੇ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਜ਼ਮੀਨੀ ਪੱਧਰ 'ਤੇ ਕਾਮਯਾਬ ਕਰਨ ਲਈ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ 'ਚ ਵਿਸ਼ੇਸ਼ 'ਟਾਸਕ ਫੋਰਸ' ਦਾ ਗਠਨ ਕੀਤਾ ਗਿਆ ਹੈ | ਇਸ ਦੇ ਨਾਲ ਹੀ ਵਿਸ਼ੇਸ਼ 'ਕੰਟਰੋਲ ਰੂਮ' ਵੀ ਸਥਾਪਤ ਕੀਤੇ ਗਏ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕਿਸੇ ਵੀ ਸਬੰਧਿਤ ਨਗਰ ਕੌਂਸਲ ਜਾਂ ਨਗਰ ਪੰਚਾਇਤ ਦੇ ਦਾਇਰੇ 'ਚ ਆਉਂਦੇ ਮੁਹੱਲੇ ਵਿਚ ਬੇਸਹਾਰਾ ਕੁੱਤੇ ਦਿਖਾਈ ਦਿੰਦੇ ਹਨ ਤਾਂ ਇਸ ਸਬੰਧੀ ਮਾਨਸਾ ਵਿਖੇ ਅਜੇ ਕੁਮਾਰ ਦੇ ਮੋਬਾਈਲ ਨੰਬਰ 98765-02831, ਬਰੇਟਾ ਵਿਖੇ ਵਿਕਾਸ ਸ਼ੁਕਲਾ ਨਾਲ 98775-94761, ਬੋਹਾ ਵਿਖੇ ਗੋਬਿੰਦ ਕੁਮਾਰ ਦੇ ਮੋਬਾਈਲ ਨੰਬਰ 97808-88702, ਨਗਰ ਕੌਂਸਲ ਸਰਦੂਲਗੜ੍ਹ 'ਚ ਸਤਪਾਲ ਦੇ ਮੋਬਾਈਲ ਨੰਬਰ 88475-65465 ਅਤੇ ਬੁਢਲਾਡਾ ਦੇ ਵਨੀਤ ਕੁਮਾਰ ਦੇ ਮੋਬਾਈਲ ਨੰਬਰ 98762-76645 'ਤੇ ਸੂਚਨਾ ਦੇ ਸਕਦੇ ਹਨ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ, ਡੀ.ਐਸ.ਪੀ. ਪੁਸ਼ਪਿੰਦਰ ਸਿੰਘ ਗਿੱਲ, ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਵੀ ਕਾਂਤ ਅਤੇ ਸਮੂਹ ਕਾਰਜ ਸਾਧਕ ਅਫ਼ਸਰ ਹਾਜ਼ਰ ਸਨ |
'ਪਸ਼ੂ ਜਨਮ ਨਿਯੰਤਰਣ ਪ੍ਰੋਗਰਾਮ' ਤਹਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ-ਡੀ.ਸੀ. <br/>
ਅਜੀਤ ਡੈਸਕ
10-06-2026