ਭੀਖੀ, 16 ਜੂਨ (ਬਲਕਾਰ ਸਿੰਘ ਸਹੋਤਾ)- ਕਰੀਬ 3 ਹਫ਼ਤੇ ਦੀ ਬੰਦੀ ਤੋਂ ਬਾਅਦ ਭੀਖੀ ਡਿਸਟਰੀਬਿਊਟਰੀ 'ਚ 12 ਜੂਨ ਨੂੰ ਪਾਣੀ ਛੱਡਦਿਆਂ ਹੀ ਧਲ਼ੇਵਾਂ ਰੋਡ 'ਤੇ ਨਹਿਰ ਦੇ ਉਸਾਰੀ ਅਧੀਨ ਪੁਲ ਕੋਲੋਂ ਪਾੜ ਪੈਣ ਨਾਲ ਜਿੱਥੇ ਸਰਕਾਰ ਨੂੰ ਲੱਖਾਂ ਦਾ ਨੁਕਸਾਨ ਝੱਲਣਾ ਪਿਆ, ਉੱਥੇ ਨਹਿਰ ਦੇ ਜ਼ਮੀਨ ਸਿੰਜਣ ਲਈ ਵਰਤੇ ਜਾਂਦੇ ਪਾਣੀ ਦੀ ਉਪਲਬਧਤਾ ਨਾ ਹੋਣ ਕਾਰਨ ਸੈਂਕੜੇ ਏਕੜ ਜ਼ਮੀਨ 'ਤੇ ਝੋਨੇ ਦੀ ਲਵਾਈ ਵੀ ਪ੍ਰਭਾਵਿਤ ਹੋਈ ਹੈ | ਦੱਸਣਯੋਗ ਹੈ ਕਿ 22 ਮਈ ਨੂੰ ਨਹਿਰ ਤੋਂ ਪਾਣੀ ਦੀ ਸਪਲਾਈ ਬੰਦ ਕੀਤੀ ਗਈ ਸੀ | ਉਪਰੰਤ 12 ਜੂਨ ਨੂੰ ਪਾਣੀ ਛੱਡਿਆ ਗਿਆ ਸੀ ਅਤੇ ਉਸੇ ਰਾਤ ਹੀ ਭੀਖੀ ਨੇੜਿਉਂ ਨਹਿਰ ਟੁੱਟ ਗਈ, ਜਦੋਂ ਕਿ ਇਲਾਕੇ 'ਚ ਝੋਨੇ ਦੀ ਲਵਾਈ 9 ਜੂਨ ਤੋਂ ਸ਼ੁਰੂ ਹੋਈ ਸੀ | ਇਸ ਦੌਰਾਨ ਇਲਾਕੇ 'ਚ ਆਏ ਝੱਖੜ ਦੇ ਚਲਦਿਆਂ ਕਈ ਪਿੰਡਾਂ 'ਚ ਖੇਤੀ ਲਈ ਬਿਜਲੀ ਵੀ ਕਈ ਦਿਨਾਂ ਤੱਕ ਠੱਪ ਰਹੀ, ਜਿਸ ਸਦਕਾ ਕਿਸਾਨਾਂ ਨੂੰ ਇਸ ਦੀ ਦੋਹਰੀ ਮਾਰ ਪਈ ਹੈ | ਇੱਕ ਪਾਸੇ ਨਹਿਰ ਟੁੱਟੀ ਅਤੇ ਦੂਜੇ ਪਾਸੇ ਬਿਜਲੀ ਵੀ ਠੱਪ | ਉੱਧਰ ਨਹਿਰ ਦਾ ਬੰਨ੍ਹ ਪੂਰਨ ਲਈ ਸਿੰਚਾਈ ਵਿਭਾਗ ਵਲੋਂ ਜੰਗੀ ਪੱਧਰ 'ਤੇ ਕੰਮ ਜਾਰੀ ਹੈ, ਜਿਸ ਦੀ ਦੇਖ-ਰੇਖ ਕਾਰਜਕਾਰੀ ਇੰਜੀਨੀਅਰ ਗੁਰਸਾਗਰ ਸਿੰਘ ਚਹਿਲ ਕਰ ਰਹੇ ਹਨ | ਨਹਿਰ ਟੁੱਟਣ ਦਾ ਕਾਰਨ ਰਹੀ ਨਗਰ ਪੰਚਾਇਤ ਵਲੋਂ ਛੱਪੜਾਂ ਦਾ ਪਾਣੀ ਕੱਢਣ ਲਈ ਨਹਿਰ ਹੇਠੋਂ ਜ਼ਮੀਨਦੋਜ਼ ਪਾਈ ਜਾ ਰਹੀ ਪਾਈਪਲਾਈਨ ਦਾ ਕੰਮ ਵੀ ਨਹਿਰ ਨੂੰ ਡੂੰਘਾ ਕੱਟ ਲਗਾ ਕੇ ਪੂਰਾ ਕਰ ਲਿਆ ਗਿਆ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਵਲੋਂ ਜੋ ਪਹਿਲਾਂ ਡਰਿੱਲ ਕਰ ਕੇ ਪਾਈਪ ਪਾਈ ਗਈ ਸੀ, ਨੂੰ ਮੁੜ ਖੁੱਲ੍ਹਾ ਬੈੱਡ ਪੁੱਟ ਕੇ ਦੁਬਾਰਾ ਸੀਮਿੰਟ ਕੰਕਰੀਟ ਨਾਲ ਲੋਕਅੱਪ ਕੀਤਾ ਗਿਆ ਹੈ | ਨਗਰ ਪੰਚਾਇਤ ਦੀ ਬੇਧਿਆਨੀ ਕਾਰਨ ਪਏ ਇਸ ਪਾੜ ਦਾ ਭਾਵੇਂ ਹਾਲ ਦੀ ਘੜੀ ਪੱਕਾ ਹੱਲ ਹੋ ਗਿਆ ਹੈ ਪ੍ਰੰਤੂ ਇਸ ਕਰ ਕੇ ਕਿਸਾਨਾਂ ਅਤੇ ਲੋਕਾਂ ਨੂੰ ਜੋ ਮੁਸ਼ਕਿਲ ਝੱਲਣੀ ਪਈ ਉਸ ਪ੍ਰਤੀ ਪ੍ਰਸ਼ਾਸਨ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ | ਉੱਧਰ ਕਾਰਜਕਾਰੀ ਇੰਜੀਨੀਅਰ ਗੁਰਸਾਗਰ ਸਿੰਘ ਚਹਿਲ ਨੇ ਦੱਸਿਆ ਕਿ ਪਾੜ ਪੂਰਨ ਦਾ ਕੰਮ ਲਗਭਗ ਪੂਰਾ ਕਰ ਲਿਆ ਗਿਆ ਹੈ ਅਤੇ ਨਹਿਰ ਨੂੰ ਸੀ.ਸੀ. ਨਾਲ ਪੱਕਾ ਕਰਨ ਦਾ ਕੰਮ 2 ਦਿਨਾਂ 'ਚ ਮੁਕੰਮਲ ਕਰ ਲਿਆ ਜਾਵੇਗਾ | ਉਪਰੰਤ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ ਅਤੇ ਨਾਲ ਹੀ ਨੁਕਸਾਨੇ ਨਿਰਮਾਣ ਅਧੀਨ ਪੁਲ ਦੀ ਮੁਰੰਮਤ ਵੀ ਮੁਕੰਮਲ ਕੀਤੀ ਜਾਵੇਗੀ |
ਭੀਖੀ ਡਿਸਟਰੀਬਿਊਟਰੀ 'ਚ ਪਏ ਪਾੜ ਨੂੰ ਪੂਰਨ ਤੇ ਮੁਰੰਮਤ ਦਾ ਕੰਮ ਜਾਰੀ <br/>
ਭੀਖੀ ਡਿਸਟਰੀਬਿਊਟਰੀ 'ਚ ਪਏ ਪਾੜ ਨੂੰ ਪੂਰਨ ਅਤੇ ਚੱਲ ਰਿਹਾ ਮੁਰੰਮਤ ਦਾ ਕੰਮ | ਤਸਵੀਰਾਂ : ਬਲਕਾਰ ਸਿੰਘ ਸਹੋਤਾ<br/>
17-06-2026