ਸੰਗਤ ਮੰਡੀ, 23 ਜੂਨ (ਸੁਖਤੇਜ ਧਾਲੀਵਾਲ)-ਥਾਣਾ ਸੰਗਤ ਦੀ ਪੁਲਿਸ ਨੇ ਇਕ ਨੌਜਵਾਨ ਨੂੰ 70 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਸੰਗਤ ਦੇ ਮੁਖੀ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਥਾਣਾ ਸੰਗਤ ਦੇ ਥਾਣੇਦਾਰ ਪਰਵਿੰਦਰ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਇਲਾਕੇ ਦੇ ਪਿੰਡਾਂ ਵਿਚ ਸ਼ੱਕੀ ਪੁਰਸ਼ਾਂ ਦੀ ਭਾਲ ਲਈ ਗਸ਼ਤ ਕੀਤੀ ਜਾ ਰਹੀ ਸੀ। ਦੌਰਾਨੇ ਗਸ਼ਤ ਪੁਲਿਸ ਪਾਰਟੀ ਜਦੋਂ ਪਿੰਡ ਸੰਗਤ ਕਲਾਂ ਤੋਂ ਜੱਸੀ ਬਾਗਵਾਲੀ ਸੂਏ ਕੋਲ ਪੁੱਜੀ ਤਾਂ ਇਕ ਸ਼ੱਕੀ ਨੌਜਵਾਨ ਪੁਲਿਸ ਦੀ ਗੱਡੀ ਨੂੰ ਦੇਖ ਕੇ ਟਾਲਮਟੋਲ ਕਰਨ ਲੱਗਾ, ਜਿਸ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 70 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵਲੋਂ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਕਾਲੀ ਪੁੱਤਰ ਦਰਸ਼ਨ ਸਿੰਘ, ਵਾਸੀ ਪਿੰਡ ਸੰਗਤ ਕਲਾਂ ਦੇ ਤੌਰ ’ਤੇ ਹੋਈ ਹੈ। ਥਾਣਾ ਸੰਗਤ ਦੀ ਪੁਲਿਸ ਵਲੋਂ ਉਕਤ ਨੌਜਵਾਨ ਦੇ ਵਿਰੁੱਧ ਨਸ਼ਾ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਨੌਜਵਾਨ ਵਿਰੁੱਧ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ 4 ਮੁਕੱਦਮੇ ਦਰਜ ਹਨ।
ਹੈਰੋਇਨ ਸਮੇਤ ਨੌਜਵਾਨ ਕਾਬੂ
ਅਜੀਤ ਡੈਸਕ
24-06-2026