30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਭੀਖੀ ਦੇ ਸਰਕਾਰੀ ਹਸਪਤਾਲ ਦੀ ਕਰੀਬ 47 ਸਾਲ ਪੁਰਾਣੀ ਇਮਾਰਤ ਐਲਾਨੀ ਅਸੁਰੱਖਿਅਤ

ਅਜੀਤ ਡੈਸਕ 08-07-2026

ਡਾਕਟਰਾਂ ਤੇ ਪੈਰਾਮੈਡੀਕਲ ਸਟਾਫ਼ ਦੀ ਕਮੀ, ਆਪ੍ਰੇਸ਼ਨ ਥੀਏਟਰ ’ਚੋਂ ਦੂਸਰੇ ਹਸਪਤਾਲਾਂ ਨੂੰ ਭੇਜੇ ਜਾ ਰਹੇ ਉਪਕਰਨ
ਭੀਖੀ, 7 ਜੁਲਾਈ (ਬਲਕਾਰ ਸਿੰਘ ਸਹੋਤਾ)-ਪਿਛਲੇ 8 ਦਹਾਕਿਆਂ ਤੋਂ ਇਲਾਕੇ ਦੇ ਲੋਕਾਂ ਦੀਆਂ ਡਾਕਟਰੀ ਜ਼ਰੂਰਤਾਂ ’ਚ ਸਹਾਈ ਭੀਖੀ ਦਾ ਸਰਕਾਰੀ ਹਸਪਤਾਲ ਖ਼ੁਦ ਅੰਤਿਮ ਸਾਹਾਂ ’ਤੇ ਹੈ। ਇਲਾਕੇ ਦੇ ਲੋਕਾਂ ਵਲੋਂ ਹਸਪਤਾਲ ਦੀ ਨਵੀਂ ਇਮਾਰਤ ਦੀ ਮੰਗ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਬੇਸ਼ੱਕ ‘ਆਪ’ ਸਰਕਾਰ ਵਲੋਂ ਇੱਥੇ 2 ਮੁਹੱਲਾ ਕਲੀਨਿਕ ਬਣਾਏ ਗਏ ਹਨ ਅਤੇ ਇੱਕ ਨਵਾਂ ਮੁੱਢਲਾ ਸਿਹਤ ਕੇਂਦਰ ਨਿਰਮਾਣ ਅਧੀਨ ਹੈ ਪ੍ਰੰਤੂ ਇਲਾਕਾ ਵਾਸੀ ਚਾਹੁੰਦੇ ਹਨ ਕਿ ਇੱਥੇ ਹੋਰ ਮੁਹੱਲਾ ਕਲੀਨਿਕ ਜਾਂ ਹਸਪਤਾਲ ਬਣਾਉਣ ਦੀ ਬਜਾਏ ਹਸਪਤਾਲ ਨੂੰ ਹੀ ਪੈਰਾਂ ਸਿਰ ਕੀਤਾ ਜਾਵੇ। ਦੱਸਣਯੋਗ ਹੈ ਕਿ ਮਰਹੂਮ ਕਾਂਗਰਸੀ ਆਗੂ ਰਾਮਪਾਲ ਢੈਪਈ ਦੇ ਯਤਨਾਂ ਸਦਕਾ ਤਤਕਾਲ ਸਿਹਤ ਮੰਤਰੀ ਰਮੇਸ਼ ਡੋਗਰਾ ਵਲੋਂ 2005 ’ਚ ਇਸ ਹਸਪਤਾਲ ਨੂੰ ਮੁੱਢਲੇ ਸਿਹਤ ਕੇਂਦਰ ਤੋਂ ਸੀ.ਐਚ.ਸੀ. ਸੈਂਟਰ ਵਜੋਂ ਅਪਗ੍ਰੇਡ ਕਰ ਕੇ 25 ਬਿਸਤਰਿਆਂ ਦੇ ਹਸਪਤਾਲ ਦਾ ਦਰਜਾ ਦਿੱਤਾ ਗਿਆ ਸੀ ਪਰ ਅਜੋਕੇ ਹਾਲਾਤ ਇਹ ਹਨ ਕਿ ਹਸਪਤਾਲ ਦੀ ਮੁੱਖ ਇਮਾਰਤ ਨੂੰ ਅਸੁਰੱਖਿਅਤ ਐਲਾਨ ਕੇ ਤਾਲਾਬੰਦੀ ਕੀਤੀ ਹੋਈ ਹੈ ਅਤੇ ਸਾਰੇ ਹਸਪਤਾਲ ਨੂੰ ਵੈਕਸ਼ੀਨੇਸ਼ਨ ਵਾਲੀ ਇਮਾਰਤ ’ਚ ਤਬਦੀਲ ਕੀਤਾ ਹੋਇਆ ਹੈ। ਇੱਥੇ ਮਰੀਜ਼ਾਂ ਨੂੰ ਤਾਂ ਕਿ ਸਹੂਲਤ ਹੋਣੀ ਸੀ ਖ਼ੁਦ ਐਸ.ਐਮ.ਓ. ਦੇ ਬੈਠਣ ਲਈ ਵੀ ਕੋਈ ਕਮਰਾ ਨਹੀਂ ਹੈ। ਮਰੀਜ਼ਾਂ ਲਈ ਵਾਰਡ ਦੇ ਨਾਂਅ ’ਤੇ ਛੋਟੇ ਜਿਹੇ ਕਮਰੇ ’ਚ ਸਿਰਫ਼ 2 ਬੈੱਡ ਲਗਾਏ ਹਨ, ਐਮਰਜੈਂਸੀ ਲਈ ਵੀ ਇੱਕ ਛੋਟਾ ਕਮਰਾ ਵਰਤੋਂ ’ਚ ਲਿਆਂਦਾ ਗਿਆ ਹੈ। ਇੱਥੇ ਸਥਾਪਿਤ ਆਧੁਨਿਕ ਆਪ੍ਰੇਸ਼ਨ ਥੀਏਟਰ ਦੇ ਉਪਕਰਨ ਵੀ ਦੂਸਰੇ ਹਸਪਤਾਲਾਂ ਨੂੰ ਭੇਜ ਦਿੱਤੇ ਗਏ ਅਤੇ ਇਸ ਆਪ੍ਰੇਸ਼ਨ ਥੀਏਟਰ ਨੂੰ ਲੇਬਰ ਰੂਮ ਵਜੋਂ ਵਰਤਿਆ ਜਾ ਰਿਹਾ ਹੈ। ਜੇਕਰ ਸਟਾਫ਼ ਦੀ ਗੱਲ ਕਰੀਏ ਤਾਂ ਹਸਪਤਾਲ ’ਚ ਡਾਕਟਰਾਂ ਦੇ ਨਾਲ-ਨਾਲ ਪੈਰਾਮੈਡੀਕਲ ਸਟਾਫ਼ ਦੀ ਵੀ ਕਮੀ ਹੈ। ਹਸਪਤਾਲ ’ਚ ਸੀਨੀਅਰ ਮੈਡੀਕਲ ਅਫ਼ਸਰ ਦੀ ਇੱਕ ਪੋਸਟ ਹੈ ਪਰ ਇੱਥੇ ਤਾਇਨਾਤ ਐਸ.ਐਮ.ਓ. ਸਿਰਫ਼ 2 ਦਿਨ ਲਈ ਹੀ ਇੱਥੇ ਆਉਂਦੇ ਹਨ, ਤੋਂ ਇਲਾਵਾ ਉਨ੍ਹਾਂ ਕੋਲ ਬਰੇਟਾ ਤੇ ਬੁਢਲਾਡਾ ਸਟੇਸ਼ਨ ਵੀ ਹਨ। ਸਪੈਸ਼ਲਿਸਟ ਮੈਡੀਕਲ ਅਫ਼ਸਰਾਂ ਦੀਆਂ ਇੱਥੇ 4 ਪੋਸਟਾਂ ਹਨ ਪ੍ਰੰਤੂ ਉਨ੍ਹਾਂ ’ਚੋਂ 3 ਅਸਾਮੀਆਂ ਖ਼ਾਲੀ ਹਨ ਅਤੇ ਇੱਕ ਔਰਤ ਰੋਗਾਂ ਦੀ ਡਾਕਟਰ ਸਿਰਫ਼ 2 ਦਿਨ ਲਈ ਹੀ ਇੱਥੇ ਆਉਂਦੇ ਹਨ ਜਦਕਿ ਮੈਡੀਕਲ ਅਫ਼ਸਰਾਂ ਦੀਆਂ 2 ਪੋਸਟਾਂ ਹਨ, ’ਚੋਂ ਇੱਕ ਮੈਡੀਕਲ ਅਫ਼ਸਰ ਡੈਪੂਟੇਸ਼ਨ ’ਤੇ ਹੈ। ਪਹਿਲਾਂ ਇੱਥੇ ਦੰਦਾਂ ਦਾ ਡਾਕਟਰ ਪੱਕੇ ਤੌਰ ’ਤੇ ਤਾਇਨਾਤ ਸੀ ਪ੍ਰੰਤੂ ਹੁਣ ਉਸ ਦੀ ਬਦਲੀ ਸੁਨਾਮ ਵਿਖੇ ਕੀਤੀ ਗਈ ਹੈ ਅਤੇ ਇੱਥੇ ਸਿਰਫ਼ ਉਹ ਇੱਕ ਦਿਨ ਲਈ ਹੀ ਉਪਲਬਧ ਹਨ। ਐਮ.ਐਲ.ਟੀ-2 ਦੀ ਵੀ ਇੱਕ ਅਸਾਮੀ ਖ਼ਾਲੀ ਪਈ ਹੈ, ਤੋਂ ਇਲਾਵਾ ਬੇਸ਼ੱਕ ਇੱਥੇ ਐਕਸ-ਰੇ ਮਸ਼ੀਨ ਹੈ ਪ੍ਰੰਤੂ ਇਸ ਨੂੰ ਚਲਾਉਣ ਲਈ ਕੋਈ ਰੇਡੀਓਗ੍ਰਾਫ਼ਰ ਵੀ ਨਹੀਂ ਹੈ। ਸਟਾਫ਼ ਨਰਸਾਂ ਦੀਆਂ ਇੱਥੇ 7 ਪੋਸਟਾਂ ਹਨ, ਜਿਨ੍ਹਾਂ ’ਚੋਂ 3 ਖ਼ਾਲੀ ਹਨ। ਇੱਕ ਪੋਸਟ ਫਾਰਮੇਸੀ ਅਫ਼ਸਰ, 5 ਪੋਸਟਾਂ ਵਾਰਡ ਅਟੈਂਡੈਂਟ ਦੀਆਂ ਖ਼ਾਲੀ ਪਈਆਂ ਹਨ। ਹਸਪਤਾਲ ਦੀ ਸਫ਼ਾਈ ਦਾ ਅੰਦਾਜ਼ਾ ਇੱਥੋਂ ਸੋਖਾ ਹੀ ਲਗਾਇਆ ਜਾ ਸਕਦਾ ਹੈ ਕਿ ਹਸਪਤਾਲ ’ਚ ਸਫ਼ਾਈ ਸੇਵਕਾਂ ਦੀਆਂ 3 ਅਸਾਮੀਆਂ ਹਨ ਜੋ ਸਾਰੀਆਂ ਖ਼ਾਲੀ ਪਈਆਂ ਹਨ। ਇਹ ਵੀ ਦੱਸਣਯੋਗ ਹੈ ਕਿ ਕਿਸੇ ਵਕਤ ਇਸ ਹਸਪਤਾਲ ’ਚ 2 ਹਜ਼ਾਰ ਤੋਂ ਵੱਧ ਸਾਲਾਨਾ ਟਿਵੈਕਟਮੀ (ਔਰਤ ਨਸਬੰਦੀ) ਦੇ ਆਪ੍ਰੇਸ਼ਨ ਹੁੰਦੇ ਸਨ ਅਤੇ 300 (ਸਾਲਾਨਾ) ਦੇ ਕਰੀਬ ਹੋਰ ਆਪ੍ਰੇਸ਼ਨ ਜਿਨ੍ਹਾਂ ’ਚ ਬੱਚੇਦਾਨੀ ਦੀ ਰਸੋਲੀ, ਗਦੂਦ, ਹਰਨੀਆਂ, ਪਿੱਤੇ ਅਤੇ ਜੱਚਾ-ਬੱਚਾ ਆਪ੍ਰੇਸ਼ਨ ਹੋ ਜਾਂਦੇ ਸਨ, ਤੋਂ ਇਲਾਵਾ ਅਨੇਕਾਂ ਸੜਕ ਦੁਰਘਟਨਾਵਾਂ ਤੋਂ ਜ਼ਖਮੀਆਂ ਨੂੰ ਵੀ ਸੰਭਾਲ ਲਿਆ ਜਾਂਦਾ ਸੀ ਪ੍ਰੰਤੂ ਹੁਣ ਇਸ ਹਸਪਤਾਲ ਦੀ ਮੁੱਖ ਸੁਵਿਧਾ ਨਸ਼ਾ ਛੁਡਾਊ ਗੋਲੀ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ। ਜ਼ਿਕਰਯੋਗ ਹੈ ਕਿ ਬੇਸ਼ੱਕ ਇੱਥੇ 30 ਬਿਸਤਰਿਆਂ ਦੀ ਇਮਾਰਤ ਦੇ ਨਿਰਮਾਣ ਲਈ ਲੰਬੇ ਸਮੇਂ ਤੋਂ ਯਤਨ ਜਾਰੀ ਹਨ ਅਤੇ ਇਸ ਲਈ 9 ਕਰੋੜ 87 ਲੱਖ ਰੁਪਏ ਦਾ ਤਖ਼ਮੀਨਾ ਵੀ ਬਣਾਈਆਂ ਗਿਆ ਹੈ, ’ਚੋਂ 5 ਕਰੋੜ 92 ਲੱਖ ਦੀ ਰਾਸ਼ੀ ਕੇਂਦਰ ਸਰਕਾਰ ਵਲੋਂ ਦਿੱਤੀ ਜਾਣੀ ਹੈ ਜਦਕਿ ਸੂਬਾ ਸਰਕਾਰ ਦਾ ਹਿੱਸਾ 3 ਕਰੋੜ 95 ਲੱਖ ਮੁਕੱਰਰ ਕੀਤਾ ਗਿਆ ਹੈ। ਉੱਧਰ ਇਲਾਕਾ ਨਿਵਾਸੀਆਂ ਨੂੰ ਡਰ ਹੈ ਕਿ ਜਿਸ ਤਰ੍ਹਾਂ ਹੌਲੀ-ਹੌਲੀ ਕਰ ਕੇ ਡਾਕਟਰੀ ਸਮਾਨ ਅਤੇ ਉਪਕਰਨ ਇੱਥੋਂ ਦੂਜੇ ਹਸਪਤਾਲਾਂ ਨੂੰ ਭੇਜੇ ਜਾ ਰਹੇ ਹਨ, ਕਿਧਰੇ ਇਹ ਹਸਪਤਾਲ ਬੰਦ ਹੀ ਨਾ ਕਰ ਦਿੱਤਾ ਜਾਵੇ। ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਇਸ ਹਸਪਤਾਲ ਦੀ ਇਮਾਰਤ ਦੇ ਨਿਰਮਾਣ ਲਈ ਲੋੜੀਂਦੇ ਫ਼ੰਡਾਂ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਇਲਾਜ ਉਪਲਬਧ ਹੋ ਸਕੇ।

ਪਿਛਲੀ ਖ਼ਬਰ ਖ਼ਿਆਲਾ ਕਲਾਂ ਦੇ ਹਸਪਤਾਲ ਨੂੰ ਅਪਗ੍ਰੇਡ ਕਰਵਾਉਣ ਦੀ ਮੁਹਿੰਮ ਹੋਈ ਤੇਜ਼ ਅਗਲੀ ਖ਼ਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ’ਚ ਕਾਂਗਰਸ ਹੋਈ ਮਜ਼ਬੂਤ-ਭੀਨਾ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।