02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸਮਾਓਂ ਦੇ ਕਿਸਾਨਾਂ ਵਲੋਂ ਟੁੱਟੀ ਖਾਲ ’ਚ ਪਾਈਪਲਾਈਨ ਵਿਛਾਉਣ ਦੀ ਮੰਗ

ਅਜੀਤ ਡੈਸਕ 14-07-2026

ਭੀਖੀ, 13 ਜੁਲਾਈ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਸਮਾਓਂ ਦੇ ਕਿਸਾਨਾਂ ਵਲੋਂ ਪੰਜਾਬ ਸਟੇਟ ਟਿਊਬਵੈੱਲ ਕਾਰਪੋਰੇਸ਼ਨ ਦੇ ਕਾਰਜਕਾਰੀ ਇੰਜੀਨੀਅਰ ਤੋਂ ਲਿਖਤੀ ਪੱਤਰ ਰਾਹੀਂ ਮੋਘਾ ਬੁਰਜੀ ਨੰਬਰ 50750 (ਬਰਾਂਚ ਭੀਖੀ) ਤੋਂ ਪਿੰਡ ਸਮਾਓਂ ਦੇ ਖੇਤਾਂ ਨੂੰ ਸਿੰਚਾਈ ਲਈ ਦਿੱਤੇ ਜਾਣ ਵਾਲੇ ਪਾਣੀ ਦੀ ਸਪਲਾਈ ਲਈ ਅਧੂਰੀ ਪਾਈਪ ਲਾਈਨ ਤੁਰੰਤ ਮੁਕੰਮਲ ਕਰਨ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਲਗਭਗ 10 ਸਾਲ ਪਹਿਲਾਂ ਇਸ ਖਾਲ ਦੇ ਵੱਡੇ ਹਿੱਸੇ ’ਚ ਪਾਈਪ ਲਾਈਨ ਪਾਈ ਗਈ ਸੀ ਪਰ ਕਰੀਬ 30 ਤੋਂ 40 ਕਿੱਲੇ ਵਾਹੀ ਵਾਲਾ ਹਿੱਸਾ ਉਸ ਸਮੇਂ ਅਧੂਰਾ ਰਹਿ ਗਿਆ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਅਧੂਰਾ ਪਿਆ ਹਿੱਸਾ ਕਈ ਥਾਵਾਂ ਤੋਂ ਟੁੱਟ ਚੁੱਕਾ ਹੈ, ਜਿਸ ਕਾਰਨ ਨਹਿਰੀ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਖੇਤਾਂ ਦੀ ਸਿੰਚਾਈ ਕਰਨ ’ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦਾ ਜ਼ਮੀਨਦੋਜ਼ ਪਾਣੀ ਦੀ ਗੁਣਵੱਤਾ ਨਰਮ ਹੈ, ਜਿਸ ਕਾਰਨ ਜ਼ਿਆਦਾਤਰ ਖੇਤੀ ਨਹਿਰੀ ਪਾਣੀ ’ਤੇ ਹੀ ਨਿਰਭਰ ਹੈ। ਉਨ੍ਹਾਂ ਕਿਹਾ ਕਿ ਖਾਲ ਬੁਰੀ ਤਰ੍ਹਾਂ ਨੁਕਸਾਨਿਆਂ ਹੋਣ ਕਰ ਕੇ ਨਹਿਰੀ ਪਾਣੀ ਅਜਾਈਂ ਜਾ ਰਿਹਾ ਹੈ। ਇਸ ਮੌਕੇ ਪੰਚਾਇਤ ਸੰਮਤੀ ਮਾਨਸਾ ਦੀ ਚੇਅਰਪਰਸਨ ਖੁਸ਼ਪ੍ਰੀਤ ਕੌਰ ਸਮਾਓਂ, ਸਰਪੰਚ ਜਤਿੰਦਰ ਸਿੰਘ ਚਹਿਲ, ਕਿਸਾਨ ਕੁਲਦੀਪ ਸਿੰਘ, ਦਰਸ਼ਨ ਸਿੰਘ, ਬਿੱਕਰ ਸਿੰਘ, ਸਤਨਾਮ ਸਿੰਘ, ਭੋਲਾ ਸਿੰਘ, ਸੁਰਜੀਤ ਸਿੰਘ, ਹਰਬੰਸ ਸਿੰਘ, ਪਰਮਜੀਤ ਸਿੰਘ, ਜਸਵੰਤ ਸਿੰਘ, ਬਲਵਿੰਦਰ ਸਿੰਘ, ਰਾਮ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਹਨ।
ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਵੀ ਨਹਿਰੀ ਪਾਣੀ ਦੀ ਸਹੂਲਤ ਦਿੱਤੀ ਜਾਵੇ-
ਕਿਸਾਨ ਸੁਖਜੀਤ ਸਿੰਘ ਸਮਾਓਂ ਨੇ ਕਿਹਾ ਕਿ ਬੇਸ਼ੱਕ ਮੁੱਖ ਮੰਤਰੀ ਦਾਅਵਾ ਕਰ ਰਹੇ ਹਨ ਕਿ ਰਾਜ ਦੇ ਹਰ ਖੇਤ ਤੱਕ ਨਹਿਰੀ ਪਾਣੀ ਦੀ ਪਹੁੰਚ ਕਰ ਦਿੱਤੀ ਹੈ ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿੰਤਸਰ ਅਧੀਨ ਚੱਲ ਰਹੇ ਪਿੰਡ ਸਮਾਓਂ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ 9ਵੀਂ ਦੀ ਮਾਲਕੀ ਵਾਲੀ ਕਰੀਬ 17 ਏਕੜ ਜ਼ਮੀਨ ਨੂੰ ਹਾਲੇ ਤੱਕ ਨਹਿਰੀ ਪਾਣੀ ਦੀ ਪਹੁੰਚ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਨਾ ਤਾਂ ਸ਼੍ਰੋਮਣੀ ਕਮੇਟੀ ਪ੍ਰਬੰਧਕ ਅਤੇ ਨਾ ਹੀ ਸਥਾਨਕ ਆਗੂ ਇਸ ਵੱਲ ਕੋਈ ਧਿਆਨ ਦੇ ਰਹੇ ਹਨ। ਉਨ੍ਹਾਂ ਸਿੰਚਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਤੁਰੰਤ ਨਹਿਰੀ ਪਾਣੀ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।

ਪਿਛਲੀ ਖ਼ਬਰ ਮਗਨਰੇਗਾ ਕਰਮਚਾਰੀਆਂ ਦੀ ਹੜਤਾਲ 42ਵੇਂ ਦਿਨ ’ਚ ਸ਼ਾਮਿਲ ਅਗਲੀ ਖ਼ਬਰ ਬਰੇਟਾ ’ਚ ਭਾਜਪਾ ਵਲੋਂ ਸਫ਼ਾਈ ਪ੍ਰਬੰਧਾਂ ਖ਼ਿਲਾਫ਼ ਰੋਸ ਪ੍ਰਦਰਸ਼ਨ, ਮੁੱਖ ਮੰਤਰੀ ਤੇ ਹਲਕਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।