ਬੁਢਲਾਡਾ, 14 ਜੁਲਾਈ (ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ)- ਸਾਇੰਸ ਦੇ ਖੇਤਰ ਵਿਚ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਮੌਕੇ ਪ੍ਰਦਾਨ ਕਰਨ ਦੇ ਮਕਸਦ ਨਾਲ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀ.ਐਸ.ਟੀ.) ਵਲੋਂ ਹਾਂਗਕਾਂਗ ਵਿਖੇ 2 ਤੋਂ 8 ਅਗਸਤ ਤੱਕ ਕਰਵਾਏ ਜਾ ਰਹੇ 16ਵੇਂ ਏਸ਼ੀਅਨ ਸਾਇੰਸ ਕੈਂਪ-2026 ਲਈ ਦੇਸ਼ ਭਰ ‘ਚੋਂ ਚੁਣੇ ਗਏ 20 ਵਿਦਿਆਰਥੀਆਂ ਚ ਬੁਢਲਾਡਾ ਸ਼ਹਿਰ ਦੀ ਹੋਣਹਾਰ ਵਿਦਿਆਰਥਣ ਦਿਵਿਆ ਗਰਗ ਦਾ ਨਾਂਅ ਵੀ ਸ਼ਾਮਿਲ ਹੈ। ਇਸ ਸਬੰਧੀ ਵਿਭਾਗ ਵਲੋਂ ਜਾਰੀ ਅਧਿਕਾਰਕ ਪੱਤਰ ਦਿਖਾਉਂਦੇ ਹੋਏ ਦਿਵਿਆ ਦੇ ਪਿਤਾ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ‘ਚੋਂ 95 ਫ਼ੀਸਦੀ ਤੋਂ ਵੱਧ ਨੰਬਰ ਪ੍ਰਾਪਤ ਕਰਨ ਵਾਲੀ ਉਨ੍ਹਾਂ ਦੀ ਬੇਟੀ ਦਿਵਿਆ ਨੂੰ 2023 ‘ਚ ਸਰਕਾਰੀ ਕਾਲਜ ਸੈਕਟਰ 11 ਚੰਡੀਗੜ੍ਹ ਵਿਖੇ ਦਾਖਲਾ ਮਿਲ ਗਿਆ। ਇਸੇ ਦੌਰਾਨ ਨਾਮੀ ਸੰਸਥਾ ‘ਇੰਸਪਾਇਰ’ ਵਲੋਂ ਸਕਾਲਰਸ਼ਿਪ ਮਿਲਣ ਤੋਂ ਬਾਅਦ ਅਗਲੀਆਂ ਕਲਾਸਾਂ ‘ਚ ਸ਼ਾਨਦਾਰ ਕਾਰਗੁਜ਼ਾਰੀ ਦੇ ਅਧਾਰ ‘ਤੇ ਇਸ ਏਸ਼ੀਅਨ ਕੈਂਪ ਲਈ ਚੋਣ ਹੋਈ ਹੈ। ਕੈਂਪ ‘ਚ ਭਾਗ ਲੈਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਯਾਤਰਾ, ਵੀਜ਼ਾ ਅਤੇ ਮੈਡੀਕਲ ਬੀਮੇ ਦਾ ਖ਼ਰਚਾ ਡੀ.ਐਸ.ਟੀ. ਵਲੋਂ ਕੀਤਾ ਜਾਵੇਗਾ। ਦੇਸ਼ ਭਰ ‘ਚੋਂ ਕੁੱਲ ਚੁਣੇ ਗਏ 20 ਵਿਦਿਆਰਥੀਆਂ ਵਿਚ ਦਿਵਿਆ ਦਾ ਨਾਂਅ ਵੀ ਸ਼ਾਮਿਲ ਹੋਣਾ ਬੁਢਲਾਡਾ ਸਮੇਤ ਸਮੁੱਚੇ ਜ਼ਿਲ੍ਹੇ ਮਾਨਸਾ ਲਈ ਮਾਣ ਵਾਲੀ ਗੱਲ ਹੈ। ਪਰਿਵਾਰਕ ਮੈਂਬਰ ਸੁਰਿੰਦਰ ਤਾਇਲ ਨੇ ਦੱਸਿਆ ਕਿ ਇਸ ਏਸ਼ੀਅਨ ਸਾਇੰਸ ਕੈਂਪ ਦੌਰਾਨ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਤੋਂ ਪੁੱਜਣ ਵਾਲੇ ਵਿਦਿਆਰਥੀ ਵਿਸ਼ਵ ਪ੍ਰਸਿੱਧ ਵਿਗਿਆਨੀਆਂ ਅਤੇ ਨੋਬਲ ਪੁਰਸਕਾਰ ਜੇਤੂਆਂ ਨਾਲ ਰੂ-ਬਰੂ ਹੋਣਗੇ ਅਤੇ ਵਿਗਿਆਨ ਦੇ ਨਵੇਂ ਪਹਿਲੂਆਂ ਬਾਰੇ ਜਾਣਕਾਰੀ ਹਾਸਲ ਕਰਨਗੇ। ਵਿਦਿਆਰਥਣ ਦੀ ਇਸ ਪ੍ਰਾਪਤੀ ਲਈ ਪਰਿਵਾਰ ਨੂੰ ਰਿਸ਼ਤੇਦਾਰਾਂ ਅਤੇ ਸ਼ਹਿਰ ਵਾਸੀਆਂ ਦਾ ਵਧਾਈਆਂ ਦੇਣ ਲਈ ਤਾਂਤਾ ਲੱਗਾ ਰਿਹਾ ਜਦਕਿ ਵੱਖ-ਵੱਖ ਸਮਾਜਿਕ, ਵਿੱਦਿਅਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਦਿਵਿਆ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ। ਆਪਣੀ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰਦਿਆਂ ਵਿਦਿਆਰਥਣ ਨੇ ਕਿਹਾ ਕਿ ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਸਦਕਾ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ।
ਹਾਂਗਕਾਂਗ ਵਿਖੇ ਏਸ਼ੀਅਨ ਸਾਇੰਸ ਕੈਂਪ ’ਚ ਭਾਗ ਲਵੇਗੀ ਬੁਢਲਾਡਾ ਦੀ ਦਿਵਿਆ ਗਰਗ
ਅਜੀਤ ਡੈਸਕ
15-07-2026