ਬਰੇਟਾ, 28 ਜੁਲਾਈ (ਪਾਲ ਸਿੰਘ ਮੰਡੇਰ)- ਸਥਾਨਕ ਸ਼ਹਿਰ ਵਿਚ ਲੰਮੇ ਸਮੇਂ ਤੋਂ 8 ਆਰ. ਓ. ਪਲਾਂਟਾਂ ਵਿਚੋਂ 7 ਬੰਦ ਪਏ ਹਨ ਅਤੇ ਹੁਣ ਡਾਕਖ਼ਾਨੇ ਨਜ਼ਦੀਕ ਲੱਗਾ ਆਰ. ਓ. ਪਲਾਂਟ ਵੀ ਬੰਦ ਹੋ ਚੁੱਕਾ ਹੈ, ਜਿਸ ਕਾਰਨ ਲੋਕਾਂ ਨੂੰ ਸ਼ੁੱਧ ਪੀਣ ਵਾਲੇ ਪਾਣੀ ਨਹੀਂ ਮਿਲ ਰਿਹਾ। ਖਪਤਕਾਰ ਸੁਮੇਸ਼ ਬਾਲੀ ਅਤੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਆਰ. ਓ. ਪਲਾਂਟਾਂ ਦੀ ਸਮੇਂ ਸਿਰ ਮੁਰੰਮਤ ਅਤੇ ਦੇਖ-ਰੇਖ ਨਾ ਹੋਣ ਕਾਰਨ ਇਹ ਸਮੱਸਿਆ ਖੜ੍ਹੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕਈ ਥਾਵਾਂ ‘ਤੇ ਮੋਟਰਾਂ ਖ਼ਰਾਬ ਹੋ ਗਈਆਂ ਹਨ ਜਦਕਿ ਕਿਤੇ ਫ਼ਿਲਟਰ ਬਦਲਣ ਦੀ ਲੋੜ ਹੈ ਪ੍ਰੰਤੂ ਸਬੰਧਿਤ ਅਧਿਕਾਰੀਆਂ ਨੇ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸੇ ਕਰ ਕੇ ਲੋਕਾਂ ਨੂੰ ਮਜਬੂਰਨ ਟੂਟੀਆਂ ਦਾ ਦੂਸ਼ਿਤ ਪਾਣੀ ਪੀਣਾ ਪੈ ਰਿਹਾ ਹੈ ਜਾਂ ਫਿਰ ਦੂਰ-ਦੁਰਾਡੇ ਤੋਂ ਪਾਣੀ ਲਿਆਉਣਾ ਪੈ ਰਿਹਾ ਹੈ। ਬਾਰਸ਼ ਦੇ ਮੌਸਮ ‘ਚ ਸ਼ੁੱਧ ਪਾਣੀ ਦੀ ਘਾਟ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਵਧ ਗਿਆ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੰਦ ਪਏ ਆਰ. ਓ. ਪਲਾਂਟਾਂ ਦੀ ਜਲਦ ਮੁਰੰਮਤ ਕਰਵਾਈ ਜਾਵੇ। ਜਦੋਂ ਆਰ. ਓ. ਪਲਾਂਟ ਦੇ ਮੁਲਾਜ਼ਮ ਅਜੇ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਡਾਕਖ਼ਾਨੇ ਨਜ਼ਦੀਕ ਲੱਗਾ ਪਲਾਂਟ ਤਕਨੀਕੀ ਖ਼ਰਾਬੀ ਦੇ ਕਾਰਨ ਖ਼ਰਾਬ ਹੋ ਚੁੱਕਾ ਹੈ ਅਤੇ ਸ਼ਹਿਰ ਦੇ ਬਾਕੀ ਪਲਾਂਟ ਪਿਛਲੇ ਲੰਮੇ ਸਮੇਂ ਤੋਂ ਹੀ ਬੰਦ ਹਨ।
ਬਰੇਟਾ ਸ਼ਹਿਰ ਦੇ ਸਾਰੇ ਆਰ.ਓ. ਪਲਾਂਟ ਬੰਦ, ਲੋਕ ਸ਼ੁੱਧ ਪਾਣੀ ਪੀਣ ਨੂੰ ਤਰਸੇ
ਅਜੀਤ ਡੈਸਕ
29-07-2026