ਸੁਲਤਾਨਪੁਰ ਲੋਧੀ, 12 ਫਰਵਰੀ (ਨਰੇਸ਼ ਹੈਪੀ)- ਬੀਤੇ ਦਿਨ ਪਿੰਡ ਸ਼ਾਹ ਵਾਲਾ ਅੰਦਰੀਸਾ ਵਿਖੇ ਟਰੀਟਮੈਂਟ ਪਲਾਂਟ ਲਈ ਪਾਈਪ ਲਾਈਨ ਪਾਏ ਜਾਣ ਤੇ ਪਿੰਡ ਵਾਸੀਆਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਪ੍ਰਸ਼ਾਸਨ ਵਿਰੁੱਧ ਧਰਨਾ ਲਗਾ ਕੇ ਕੰਮ ਰੁਕਵਾ ਦਿੱਤਾ ਗਿਆ ਸੀ | ਉਸ ਸਬੰਧੀ ਅੱਜ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਲਿਖਤੀ ਭਰੋਸਾ ਦੇਣ ਉਪਰੰਤ ਮਾਮਲੇ ਨੂੰ ਸੁਲਝਾ ਲਿਆ ਗਿਆ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਤੇ ਪਿੰਡ ਵਾਸੀ ਸੁਖਵਿੰਦਰ ਸਿੰਘ, ਅੰਗਦ ਸਿੰਘ, ਹਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਬੀਤੇ ਦਿਨ ਟਰੀਟਮੈਂਟ ਪਲਾਂਟ ਲਈ ਪਾਈਪ ਲਾਈਨ ਕੰਮ ਨੂੰ ਰੋਕ ਕੇ ਪਿੰਡ ਵਾਸੀਆਂ ਨੇ ਪ੍ਰਮੁੱਖ ਤੌਰ 'ਤੇ ਪੰਜ ਮੰਗਾਂ ਸਰਕਾਰ ਤੇ ਪ੍ਰਸ਼ਾਸਨ ਕੋਲ ਲਿਖਤੀ ਭਰੋਸਾ ਦੇਣ ਦੀ ਮੰਗ ਕੀਤੀ ਸੀ ਜਿਸ ਵਿਚ ਸ਼ਾਹਵਾਲਾ ਅੰਦਰੀਸਾ ਦੇ ਅੰਦਰ ਬਣੀ ਲਿੰਕ ਰੋਡ ਤੇ ਟਾਈਲ ਇੰਟਰਲਾਕ ਵਾਲੀ ਗਲੀ, ਜਿੱਥੇ ਪੁੱਟ ਕੇ ਟਰੀਟਮੈਂਟ ਪਲਾਂਟ ਦਾ ਕੰਮ ਕਰਨਾ ਹੈ, ਨੂੰ ਕੰਮ ਪੂਰਾ ਹੋਣ ਤੇ ਇਸ ਨੂੰ ਤੁਰੰਤ ਬਣਾਇਆ ਜਾਵੇ | ਟਰੀਟਮੈਂਟ ਪਾਣੀ ਦੀ ਨਿਕਾਸੀ ਨੂੰ ਲੀਕ ਹੋਣ ਤੋਂ ਰੋਕਿਆ ਜਾਵੇ ਜੇਕਰ ਕਦੇ ਆਉਣ ਵਾਲੇ ਸਮੇਂ ਵਿਚ ਲੀਕ ਹੋਵੇ ਤਾਂ ਉਸਨੂੰ ਤੁਰੰਤ ਬਦਲਿਆ ਜਾਵੇ ਜਾਂ ਤੁਰੰਤ ਰਿਪੇਅਰ ਕੀਤਾ ਜਾਵੇ, ਹੜ੍ਹਾਂ ਦੀ ਸਥਿਤੀ ਵੇਲੇ ਇਸਦੀ ਵਾਪਸੀ ਨੂੰ ਰੋਕਿਆ ਜਾਵੇ ਤੇ ਪਵਿੱਤਰ ਕਾਲੀ ਵੇਈਾ ਵਿਚ ਪਾਣੀ ਸਾਫ਼ ਸੁਥਰਾ ਹੀ ਪਾਇਆ ਜਾਵੇ, ਜੇਕਰ ਆਉਣ ਵਾਲੇ ਸਮੇਂ ਵਿਚ ਪਾਣੀ ਗੰਦਾ ਪਾਇਆ ਜਾਂਦਾ ਹੈ ਤਾਂ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ ਤੇ ਸਮੇਂ ਸਮੇਂ ਤੇ ਟਰੀਟਮੈਂਟ ਪਲਾਂਟ ਦੇ ਪਾਣੀ ਦੀ ਜਾਂਚ ਨੂੰ ਯਕੀਨੀ ਬਣਾਇਆ ਜਾਵੇ | ਕਿਸਾਨ ਆਗੂ ਸ਼ੇਰ ਸਿੰਘ ਮਹੀਵਾਲ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਪ੍ਰਸ਼ਾਸਨ ਨੇ ਸਾਡੇ ਮੰਗ ਪੱਤਰ ਰਾਹੀਂ ਦਿੱਤੀਆਂ ਮੰਗਾਂ ਨੂੰ ਸਵੀਕਾਰ ਕਰਕੇ ਲਿਖਤ ਭਰੋਸਾ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਇਸ ਮੌਕੇ ਸੰਬੰਧਿਤ ਵਿਭਾਗ ਦੇ ਜੇ.ਈ., ਉਪ ਮੰਡਲ ਇੰਜੀਨੀਅਰ, ਤਹਿਸੀਲਦਾਰ ਸੁਲਤਾਨਪੁਰ ਲੋਧੀ ਪਰਮਿੰਦਰ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਰਵਿੰਦਰ ਸਿੰਘ, ਕੁਲਦੀਪ ਸਿੰਘ, ਰਜਿੰਦਰ ਸਿੰਘ, ਪੁਸ਼ਪਿੰਦਰ ਸਿੰਘ ਮੋਮੀ, ਗੁਰਵਿੰਦਰ ਸਿੰਘ, ਸੁਰਜੀਤ ਸਿੰਘ, ਲਖਵੀਰ ਸਿੰਘ, ਅੰਗਦ ਸਿੰਘ, ਮਹਿੰਦਰ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |