ਭੁਲੱਥ, 12 ਫਰਵਰੀ (ਮੇਹਰ ਚੰਦ ਸਿੱਧੂ)- ਦੇਸ਼ ਅੰਦਰ ਸਰਕਾਰੀ ਸਿੱਖਿਆ ਦਾ ਪੱਧਰ ਬਹੁਤ ਨੀਵਾਂ ਹੋ ਚੁੱਕਿਆ ਹੈ, ਸਰਕਾਰੀ ਸਿੱਖਿਆ ਵੱਲ ਕੇਂਦਰ ਤੇ ਸੂਬਾ ਸਰਕਾਰ ਦਾ ਧਿਆਨ ਕਿਉਂ ਨਹੀਂ ਜਾ ਰਿਹਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਹੁਜਨ ਮੁਕਤੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਮਾਸਟਰ ਰਾਜਪਾਲ ਨਾਹਰ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਆਪਣਾ 2026-27 ਦਾ ਆਮ ਬਜਟ ਇਕ ਫਰਵਰੀ ਨੂੰ ਪੇਸ਼ ਕੀਤਾ ਗਿਆ ਸੀ ਜਿਸ ਵਿਚ ਸਰਕਾਰੀ ਸਿੱਖਿਆ ਲਈ ਸਿਰਫ਼ 2.6 ਫ਼ੀਸਦੀ ਬਜਟ ਹੀ ਰੱਖਿਆ ਗਿਆ, ਜੋ ਕਿ ਦੇਸ਼ ਅੰਦਰ ਪੜ੍ਹ ਰਹੇ ਕਰੋੜਾਂ ਗਰੀਬ ਵਿਦਿਆਰਥੀਆਂ ਲਈ ਨਾ-ਮਾਤਰ ਹੈ | ਇਸ ਤੋਂ ਇਲਾਵਾ ਦੇਸ਼ 'ਚ 90 ਹਜ਼ਾਰ ਦੇ ਲਗਭਗ ਸਰਕਾਰੀ ਸਕੂਲ ਸਰਕਾਰ ਨੇ ਬੰਦ ਕਰ ਦਿੱਤੇ ਹਨ ਤੇ ਸਕੂਲਾਂ ਦੀ ਜਗ੍ਹਾ ਗਰੀਬਾਂ ਦੀਆਂ ਬਸਤੀਆਂ 'ਚ ਇਕ ਲੱਖ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਹਨ | ਉਨ੍ਹਾਂ ਮੰਗ ਕੀਤੀ ਕਿ ਇੱਕ ਹੋਰ ਮਹੱਤਵਪੂਰਨ ਜ਼ਰੂਰੀ ਕਾਨੂੰਨ ਪਾਸ ਕਰ ਕੇ ਸਰਕਾਰੀ ਖਜ਼ਾਨੇ 'ਚੋਂ ਤਨਖ਼ਾਹ ਲੈਣ ਵਾਲੇ ਸਾਰੇ ਅਧਿਕਾਰੀਆਂ, ਕਰਮਚਾਰੀਆਂ, ਐੱਮ.ਐੱਲ.ਏ., ਐਮ.ਪੀ., ਜੱਜਾਂ, ਪੈਨਸ਼ਨਰਾਂ, ਸਰਕਾਰੀ ਠੇਕੇਦਾਰਾਂ, ਪੱਤਰਕਾਰਾਂ ਦੇ ਬੱਚੇ ਨਰਸਰੀ ਤੋਂ 12ਵੀਂ ਤੱਕ ਪੜ੍ਹ ਲਈ ਸਰਕਾਰੀ ਸਕੂਲਾਂ 'ਚ ਪਾਬੰਦ ਕੀਤੇ ਜਾਣ | ਅਜਿਹਾ ਕਰਨ ਨਾਲ ਸਿੱਖਿਆ ਵਿਚ ਸਮਾਨਤਾ ਆਵੇਗੀ, ਗਰੀਬਾਂ ਤੇ ਅਮੀਰਾਂ ਦੇ ਬੱਚੇ ਇੱਕੋ ਛੱਤ ਥੱਲੇ ਪੜ੍ਹਨਗੇ ਤੇ ਇੱਕੋ ਜਿਹੇ ਅਧਿਆਪਕ ਮਿਲਣਗੇ, ਦੂਜੇ ਪਾਸੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਮਿਲੇਗਾ ਤੇ ਗਰੀਬੀ ਬੇਰੁਜ਼ਗਾਰੀ ਘੱਟ ਹੋਵੇਗੀ |