ਸੁਭਾਨਪੁਰ, 14 ਫਰਵਰੀ (ਸਤਨਾਮ ਸਿੰਘ)- ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਕਾਰਡ ਯੋਜਨਾ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਜਿਸ ਤਹਿਤ 65 ਲੱਖ ਪਰਿਵਾਰਾਂ ਨੂੰ ਸਰਕਾਰੀ ਤੇ ਸੂਚੀਬੱਧ ਨਿੱਜੀ ਹਸਪਤਾਲਾਂ 'ਚ ਮੁਫ਼ਤ ਕੈਸ਼ਲੈੱਸ ਇਲਾਜ ਮਿਲੇਗਾ | ਇਹ ਯੋਜਨਾ ਗੰਭੀਰ ਬਿਮਾਰੀਆਂ, ਸਰਜਰੀ ਤੇ ਦਵਾਈਆਂ ਦੇ ਖ਼ਰਚਿਆਂ ਨੂੰ ਕਵਰ ਕਰਦੀ ਹੈ ਜਿਸ ਨਾਲ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਨੂੰ ਕਰਜ਼ੇ ਤੋਂ ਮੁਕਤੀ ਮਿਲੇਗੀ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ ਨੇ ਅੱਜ ਸੁਭਾਨਪੁਰ ਵਿਖੇ ਕੀਤਾ | ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਸਿਹਤ ਬੀਮਾ ਯੋਜਨਾ ਨੂੰ ਇਤਿਹਾਸਕ ਕਦਮ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦੀ ਮੁਫ਼ਤ ਸਿਹਤ ਸਹੂਲਤ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ | ਲੁਬਾਣਾ ਅਨੁਸਾਰ ਇਹ ਯੋਜਨਾ ਹੁਣ ਪੂਰੇ ਪੰਜਾਬ 'ਚ ਪੂਰੀ ਤਰ੍ਹਾਂ ਸਰਗਰਮ ਹੈ ਤੇ ਸੂਚੀਬੱਧ ਹਸਪਤਾਲਾਂ ਵਿਚ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ | ਇਸ ਮੌਕੇ ਲੁਬਾਣਾ ਨੇ ਯੋਜਨਾ ਦੀ ਸਫ਼ਲਤਾ ਨੂੰ ਸਾਬਤ ਕਰਨ ਲਈ ਇੱਕ ਜ਼ਿੰਦਾ ਮਿਸਾਲ ਪੇਸ਼ ਕੀਤੀ | ਸੂਬੇ ਦੇ ਸੁਲੱਖਣ ਸਿੰਘ ਨਾਮਕ ਇਕ ਗਰੀਬ ਮਜ਼ਦੂਰ ਜਿਨ੍ਹਾਂ ਨੇ ਹਾਲ ਹੀ ਵਿਚ ਇਸੇ ਯੋਜਨਾ ਤਹਿਤ ਆਪਣੇ ਦਿਲ ਦਾ ਗੰਭੀਰ ਆਪ੍ਰੇਸ਼ਨ ਕਰਵਾਇਆ ਹੈ | ਲੁਬਾਣਾ ਨੇ ਦੱਸਿਆ ਕਿ ਸੁਲੱਖਣ ਸਿੰਘ ਨੂੰ ਦਿਲ ਦੀ ਤਕਲੀਫ਼ ਹੋਣ 'ਤੇ ਅੰਮਿ੍ਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਰੈਫ਼ਰ ਕੀਤਾ ਗਿਆ ਸੀ ਜਿੱਥੇ ਇਲਾਜ ਦਾ ਖਰਚਾ ਕਰੀਬ 3 ਲੱਖ ਰੁਪਏ ਦੱਸਿਆ ਗਿਆ | ਇੱਕ ਮਜ਼ਦੂਰ ਪਰਿਵਾਰ ਲਈ ਇਹ ਰਕਮ ਜੁਟਾਉਣੀ ਨਾ-ਮੁਮਕਿਨ ਸੀ ਪਰ ਪਰਿਵਾਰ ਨੇ ਵੀਰਵਾਰ ਆਪਣਾ ਸਿਹਤ ਕਾਰਡ ਬਣਵਾਇਆ ਤੇ ਸ਼ੁੱਕਰਵਾਰ ਨੂੰ ਹੀ ਉਨ੍ਹਾਂ ਦਾ ਮੁਫ਼ਤ ਇਲਾਜ ਸ਼ੁਰੂ ਹੋ ਗਿਆ | ਅੱਜ ਸੁਲੱਖਣ ਸਿੰਘ ਦੇ ਦਿਲ ਵਿਚ ਸਟੈਂਟ ਪਾ ਕੇ ਉਨ੍ਹਾਂ ਦੀ ਜਾਨ ਬਚਾਈ ਜਾ ਚੁੱਕੀ ਹੈ | ਲੁਬਾਣਾ ਨੇ ਸਪੱਸ਼ਟ ਕੀਤਾ ਕਿ ਇਸ ਸਿਹਤ ਯੋਜਨਾ ਦਾ ਲਾਭ ਬਿਨਾਂ ਕਿਸੇ ਜਾਤ-ਪਾਤ ਜਾਂ ਧਰਮ ਦੇ ਭੇਦਭਾਵ ਤੋਂ ਹਰ ਯੋਗ ਪੰਜਾਬੀ ਲੈ ਸਕਦਾ ਹੈ | ਕਾਰਡ ਵਿਚ ਪਰਿਵਾਰ ਦੇ ਮੁਖੀ ਦੇ ਨਾਲ-ਨਾਲ ਬਾਕੀ ਮੈਂਬਰਾਂ ਦੇ ਨਾਮ ਵੀ ਸ਼ਾਮਲ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸੂਬੇ ਦੇ ਲਗਭਗ 75 ਫ਼ੀਸਦੀ ਹਸਪਤਾਲਾਂ ਨਾਲ ਸਮਝੌਤਾ ਕਰ ਲਿਆ ਹੈ | ਉਨ੍ਹਾਂ ਹਸਪਤਾਲਾਂ ਨੂੰ ਸਖ਼ਤ ਚੇਤਾਵਨੀ ਵੀ ਦਿੱਤੀ ਕਿ ਜੇਕਰ ਕਿਸੇ ਸੂਚੀਬੱਧ ਹਸਪਤਾਲ ਨੇ ਕਾਰਡ ਹੋਣ ਦੇ ਬਾਵਜੂਦ ਇਲਾਜ ਕਰਨ ਤੋਂ ਮਨ੍ਹਾ ਕੀਤਾ ਤਾਂ ਸਰਕਾਰ ਵੱਲੋਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |