24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸੁਲਤਾਨਪੁਰ ਲੋਧੀ–ਕਪੂਰਥਲਾ ਮਾਰਗ ਮੁਕੰਮਲ ਹੋਣ ਤੋਂ ਪਹਿਲਾਂ ਹੀ ਟੁੱਟਣ ਲੱਗਾ

ਅਜੀਤ ਡੈਸਕ 18-02-2026
ਸਾਂਝ ਕੇਂਦਰ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਸੜਕ ਦਾ ਬਿਲਕੁਲ ਮੰਦੜਾ ਹਾਲ
ਡਡਵਿੰਡੀ, 17 ਫਰਵਰੀ (ਦਿਲਬਾਗ ਸਿੰਘ ਝੰਡ)- ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨੂੰ ਕਪੂਰਥਲਾ ਸ਼ਹਿਰ ਨਾਲ ਜੋੜਦੇ ਮੁੱਖ ਮਾਰਗ ਦੇ ਨਿਰਮਾਣ ਦਾ ਕਾਰਜ ਪਿਛਲੇ ਲੰਬੇ ਸਮੇਂ ਤੋਂ ਅੱਜ ਤੱਕ ਅੱਧ ਵਿਚਾਲੇ ਰੁਕਿਆ ਹੋਇਆ ਹੈ ਅਤੇ ਪਾਜੀਆਂ ਤੋਂ ਲੈ ਕੇ ਡਡਵਿੰਡੀ ਤੱਕ ਮੁਕੰਮਲ ਹੋਣ ਤੋਂ ਪਹਿਲਾਂ ਹੀ ਜਾਂ ਤਾਂ ਟੁੱਟਣੀ ਸ਼ੁਰੂ ਹੋ ਗਈ ਹੈ ਅਤੇ ਜਾਂ ਫਿਰ ਕਈ ਥਾਵਾਂ ਤੋਂ ਹੇਠਾਂ ਨੂੰ ਧੱਸ ਚੁੱਕੀ ਹੈ | ਇਸ ਅਹਿਮ ਸੜਕ ਦਾ ਨਿਰਮਾਣ ਅੱਧ ਵਿਚਾਲੇ ਹੀ ਰੁਕ ਜਾਣ ਕਾਰਨ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਸਗੋਂ ਹਰ ਰੋਜ਼ ਵੱਡੇ ਸੜਕ ਹਾਦਸੇ ਵਾਪਰਨ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ, ਕਿਉਂਕਿ ਇਸ ਮਾਰਗ ਦੇ ਅਧੂਰੇ ਪਏ ਕਾਰਜ ਨਾਲ ਜਿੱਥੇ ਲੋਕ ਆਵਾਜਾਈ ਪੱਖੋਂ ਡਾਹਢੇ ਪਰੇਸ਼ਾਨ ਹਨ ਉੱਥੇ ਇਸ ਰੋਡ 'ਤੇ ਸੜਕ ਹਾਦਸੇ ਵਾਪਰਨ ਦਾ ਖ਼ਦਸ਼ਾ ਹੋਰ ਵਧ ਗਿਆ ਹੈ | ਸਾਂਝ ਕੇਂਦਰ ਡਡਵਿੰਡੀ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਸੜਕ ਦਾ ਬਿਲਕੁਲ ਮੰਦੜਾ ਹਾਲ ਹੈ ਅਤੇ ਕਈ ਵਾਰ ਦੋ ਤੇ ਚਾਰ ਪਹੀਆ ਵਾਹਨ ਆਪਣਾ ਸੰਤੁਲਨ ਵਿਗੜਨ ਕਾਰਨ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ | ਡਡਵਿੰਡੀ ਤੋਂ ਕਪੂਰਥਲਾ ਵੱਲ ਨੂੰ ਬਣਾਏ ਗਏ ਇਸ ਮਾਰਗ ਦੇ ਇੱਕ ਪਾਸੇ ਦਾ ਕੰਮ ਅੱਧ ਵਿਚਾਲੇ ਪਿਆ ਹੋਣ ਕਰਕੇ ਇਹ ਉੱਪਰ ਦੀ ਲੰਘਣਾ ਬੜਾ ਮੁਸ਼ਕਿਲ ਹੋਇਆ ਪਿਆ ਹੈ | ਦੂਜੇ ਪਾਸੇ ਸੜਕ ਬਣਾਈ ਤਾਂ ਗਈ ਹੈ ਪਰ ਇਸ 'ਤੇ ਨਾ ਤਾਂ ਕੋਈ ਚਿੱਟੀ ਪੱਟੀ ਦੇ ਮਾਰਕ ਲਗਾਏ ਗਏ ਹਨ ਅਤੇ ਨਾ ਹੀ ਚੱਜ ਨਾਲ ਰਿਫ਼ਲੈਕਟਰ ਲਗਾਏ ਗਏ ਹਨ | ਬਣਾਈ ਗਈ ਸੜਕ ਥਾਂ-ਥਾਂ ਤੋਂ ਹੇਠਾਂ ਧੱਸ ਚੁੱਕੀ ਅਤੇ ਕਈਆਂ ਥਾਵਾਂ ਤੋਂ ਟੁੱਟਣੀ ਸ਼ੁਰੂ ਹੋ ਗਈ ਹੈ | ਸੜਕ ਉੱਤੇ ਕਈ ਥਾਈਾ ਪੈਚ ਵਰਕ ਕੀਤਾ ਜਾ ਚੁੱਕਾ ਹੈ | ਸੜਕ ਉੱਤੇ ਚਿੱਟੀ ਪੱਟੀ, ਰਿਫ਼ਲੈਕਟਰ ਅਤੇ ਚੇਤਾਵਨੀ ਬੋਰਡ ਨਾ ਹੋਣ ਕਰਕੇ ਰਾਤ ਸਮੇਂ ਵਾਹਨ ਚਾਲਕਾਂ ਨੂੰ ਸੜਕ ਦੀ ਦਿਸ਼ਾ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਟੱਕਰ ਹੋਣ ਦਾ ਡਰ ਹਰ ਪਲ ਬਣਿਆ ਰਹਿੰਦਾ ਹੈ | ਸਥਾਨਕ ਲੋਕਾਂ ਮੁਤਾਬਿਕ ਸੜਕ ਦੀ ਲੈਵਲਿੰਗ ਠੀਕ ਨਾ ਹੋਣ ਕਾਰਨ ਵਾਹਨ ਸਮੁੰਦਰੀ ਲਹਿਰਾਂ ਵਾਂਗ ਉੱਪਰ-ਹੇਠਾਂ ਦੌੜਦੇ ਦਿਸਦੇ ਹਨ | ਦੋ ਪਹੀਆ ਵਾਹਨ ਚਾਲਕ, ਸਕੂਲੀ ਬੱਚੇ ਅਤੇ ਬਜ਼ੁਰਗ ਇਸ ਰਾਹ 'ਤੇ ਸਭ ਤੋਂ ਵੱਧ ਖ਼ਤਰੇ 'ਚ ਹਨ | ਕਈ ਵਾਰ ਤਾਂ ਵਾਹਨ ਚਾਲਕ ਅਚਾਨਕ ਬਰੇਕ ਲਗਾਉਣ 'ਤੇ ਕੰਟਰੋਲ ਗੁਆ ਬੈਠਦੇ ਹਨ, ਜੋ ਕਿਸੇ ਵੀ ਸਮੇਂ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ | ਰੋਜ਼ਾਨਾ ਇਸ ਮਾਰਗ ਰਾਹੀਂ ਹਜ਼ਾਰਾਂ ਵਾਹਨ ਗੁਜ਼ਰਦੇ ਹਨ, ਜਿਸ ਵਿਚ ਵਪਾਰਕ ਗੱਡੀਆਂ, ਬੱਸਾਂ ਅਤੇ ਐਮਰਜੈਂਸੀ ਸੇਵਾਵਾਂ ਵੀ ਸ਼ਾਮਲ ਹਨ | ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਮਹੱਤਵਪੂਰਨ ਰਸਤੇ ਦੀ ਹਾਲਤ 'ਤੇ ਸਬੰਧਿਤ ਵਿਭਾਗਾਂ ਵੱਲੋਂ ਕੋਈ ਗੰਭੀਰ ਧਿਆਨ ਨਹੀਂ ਦਿੱਤਾ ਜਾ ਰਿਹਾ | ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਡਡਵਿੰਡੀ ਹਲਕੇ ਦੇ ਜਥੇਦਾਰ ਸੁਖਚੈਨ ਸਿੰਘ ਮਨਿਆਲਾ, ਟਕਸਾਲੀ ਅਕਾਲੀ ਆਗੂ ਤੇ ਡਡਵਿੰਡੀ ਦੇ ਸਾਬਕਾ ਸਰਪੰਚ ਜਸਬੀਰ ਸਿੰਘ, ਟਕਸਾਲੀ ਅਕਾਲੀ ਆਗੂ ਜਥੇਦਾਰ ਹਰਜਿੰਦਰ ਸਿੰਘ ਵਿਰਕ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਮੁਖ਼ਤਿਆਰ ਸਿੰਘ ਸੋਢੀ, ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਸਾਬਕਾ ਚੇਅਰਮੈਨ ਕਰਮਬੀਰ ਸਿੰਘ ਕੇਬੀ, ਪਿੰਡ ਡਡਵਿੰਡੀ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ, ਮਾਰਕੀਟ ਸੁਸਾਇਟੀ ਦੇ ਸਾਬਕਾ ਚੇਅਰਮੈਨ ਡਾ. ਬਲਜੀਤ ਸਿੰਘ ਕਮਾਲਪੁਰ, ਭੁਪਿੰਦਰ ਸਿੰਘ ਚੀਮਾ ਆਸਟੇ੍ਰਲੀਆ, ਉੱਗੇ ਸਮਾਜ ਸੇਵਕ ਤੇ ਯੂਥ ਆਗੂ ਅਮਨਦੀਪ ਸਿੰਘ ਭਿੰਡਰ, ਆੜ੍ਹਤੀ ਵਿਜੇਪਾਲ ਸਿੰਘ ਧੰਜੂ, ਕਿਸਾਨ ਆਗੂ ਪਰਮਜੀਤ ਸਿੰਘ ਪੱਕਾ ਕੋਠਾ ਅਤੇ ਕਿਸਾਨ ਆਗੂ ਹਾਕਮ ਸਿੰਘ ਸ਼ਾਹਜਹਾਨਪੁਰ ਅਤੇ ਵੱਖ ਵੱਖ ਜਥੇਬੰਦੀਆਂ ਅਤੇ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਸ ਸੜਕ 'ਤੇ ਜਿਸ ਹਿਸਾਬ ਨਾਲ ਆਵਾਜਾਈ ਹੈ, ਜੇਕਰ ਸਰਕਾਰ ਨੇ ਜਲਦੀ ਹੀ ਇਸ ਨੂੰ ਮੁਕੰਮਲ ਨਾ ਕਰਵਾਇਆ ਤਾਂ ਕਿਸੇ ਵੱਡੇ ਹਾਦਸੇ ਦੇ ਵਾਪਰਨ ਦਾ ਡਰ ਬਣਿਆ ਹੋਇਆ ਹੈ | ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਕਿਸੇ ਅਣਹੋਣੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾਵੇ |
ਪਿਛਲੀ ਖ਼ਬਰ ਮਗਨਰੇਗਾ ਯੂਨੀਅਨ ਵਲੋਂ ਵਾਧੂ ਕੰਮਾਂ 'ਤੇ ਲਾਈਆਂ ਡਿਊਟੀਆਂ ਦਾ ਬਾਈਕਾਟ ਹੋਵੇਗਾ-ਰਾਮਦਿੱਤਾ ਅਗਲੀ ਖ਼ਬਰ ਵਿਅਕਤੀ ਨੂੰ ਜਖ਼ਮੀ ਕਰਕੇ ਅਣਪਛਾਤੇ ਲੁਟੇਰੇ 50 ਹਜ਼ਾਰ ਖੋਹ ਕੇ ਫਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।