23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਨਵੀਆਂ ਸੜਕਾਂ ਬਣਾਈਆਂ ਜਾਣਗੀਆਂ-ਕੁਲਵੰਤ ਕੌਰ

ਅਜੀਤ ਡੈਸਕ 18-02-2026
ਕਪੂਰਥਲਾ, 17 ਫਰਵਰੀ (ਅਮਰਜੀਤ ਕੋਮਲ)-ਕਪੂਰਥਲਾ ਸ਼ਹਿਰ ਵਿਚ ਡੀ. ਸੀ. ਚੌਂਕ ਤੋਂ ਸੈਨਿਕ ਸਕੂਲ ਤੇ ਪੁਰਾਣੀ ਕਚਹਿਰੀ ਚੌਂਕ ਤੱਕ, ਮੁਹੱਬਤ ਨਗਰ, ਗੋਪਾਲ ਪਾਰਕ ਤੇ ਮੁਹੱਲਾ ਤਰਲੋਕਪੁਰਾ ਦੀਆਂ ਸੜਕਾਂ 2.19 ਕਰੋੜ ਰੁਪਏ ਦੀ ਲਾਗਤ ਨਾਲ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਉਪਰਾਲੇ ਨਾਲ ਬਣਾਈਆਂ ਜਾ ਰਹੀਆਂ ਹਨ | ਇਹ ਜਾਣਕਾਰੀ ਨਗਰ ਨਿਗਮ ਦੀ ਮੇਅਰ ਕੁਲਵੰਤ ਕੌਰ ਨੇ ਸੈਨਿਕ ਸਕੂਲ ਦੇ ਨੇੜੇ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਲਈ ਵਰਕ ਆਰਡਰ ਹੋ ਚੁੱਕੇ ਹਨ ਤੇ ਅਗਲੇ ਦਿਨਾਂ ਵਿਚ ਸਬੰਧਿਤ ਠੇਕੇਦਾਰ ਵਲੋਂ ਨਵੀਆਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ | ਨਿਗਮ ਦੀ ਮੇਅਰ ਨੇ ਕਿਹਾ ਕਿ ਜਿਹੜੇ ਖੇਤਰਾਂ ਵਿਚ ਅੰਮਿ੍ਤ 2 ਸਕੀਮ ਤਹਿਤ ਪਾਣੀ ਦੀਆਂ ਨਵੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ, ਉਨ੍ਹਾਂ ਖੇਤਰਾਂ ਵਿਚ ਪਾਈਪਾਂ ਪਾਉਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਨਵੀਆਂ ਸੜਕਾਂ ਬਣਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਲੋਕਾਂ ਨੂੰ ਆਵਾਜਾਈ ਸਬੰਧੀ ਆ ਰਹੀ ਪ੍ਰੇਸ਼ਾਨੀ ਤੋਂ ਰਾਹਤ ਮਿਲੇਗੀ | ਕੁਲਵੰਤ ਕੌਰ ਨੇ ਦੱਸਿਆ ਕਿ ਸੜਕਾਂ ਦੀ ਤਰਸਯੋਗ ਹਾਲਤ ਸੁਧਾਰਨ ਦੀ ਮੰਗ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਵਲੋਂ ਕੀਤੀ ਜਾ ਰਹੀ ਸੀ, ਜਿਸ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਵਲੋਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ ਨੇ ਦੱਸਿਆ ਕਿ ਕਾਂਗਰਸ ਵਿਧਾਇਕ ਦੇ ਉਪਰਾਲੇ ਸਦਕਾ ਸ਼ਹਿਰ ਵਿਚ 28 ਕਰੋੜ ਰੁਪਏ ਦੇ ਕੰਮ ਚਾਲੂ ਹੋ ਚੁੱਕੇ ਹਨ ਤੇ 32 ਕਰੋੜ ਰੁਪਏ ਦੀ ਲਾਗਤ ਨਾਲ ਅੰਮਿ੍ਤ 2 ਸਕੀਮ ਤਹਿਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਪੁਰਾਣੀਆਂ ਜਲ ਸਪਲਾਈ ਵਾਲੀਆਂ ਪਾਈਪਾਂ ਦੀ ਥਾਂ ਨਵੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਡੀ.ਸੀ. ਚੌਂਕ ਤੋਂ ਬਾਬਾ ਝੋਟੇ ਸ਼ਾਹ ਦਰਬਾਰ ਤੱਕ, ਡੀ.ਸੀ ਚੌਂਕ ਤੋਂ ਕਰਤਾਰਪੁਰ ਤੱਕ ਤੇ ਡੀ.ਸੀ. ਚੌਂਕ ਤੋਂ ਸੁਭਾਨਪੁਰ ਤੱਕ ਨਵੀਆਂ ਸੜਕਾਂ ਬਣਾਈਆਂ ਜਾਣਗੀਆਂ ਤੇ ਇਨ੍ਹਾਂ ਵਿਚ ਕੇਂਦਰੀ ਜੇਲ੍ਹ ਨੂੰ ਜਾਂਦੀ ਸੜਕ ਵੀ ਸ਼ਾਮਲ ਹੈ | ਇਸ ਮੌਕੇ ਨਗਰ ਨਿਗਮ ਦੇ ਡਿਪਟੀ ਮੇਅਰ ਵਿਨੋਦ ਸੂਦ, ਸੀਨੀਅਰ ਕਾਂਗਰਸ ਆਗੂ ਤੇ ਕੌਂਸਲਰ ਨਰਿੰਦਰ ਸਿੰਘ ਮਨਸੂ, ਰਾਣਾ ਗੁਰਜੀਤ ਸਿੰਘ ਦੇ ਨਿੱਜੀ ਸਹਾਇਕ ਮਨਪ੍ਰੀਤ ਸਿੰਘ ਮਾਂਗਟ, ਹਰਜੀਤ ਸਿੰਘ ਬੱਬਾ, ਸੰਦੀਪ ਸਿੰਘ, ਬਲਜੀਤ ਸਿੰਘ ਕਾਲਾ, ਡਾ. ਮਨਜੀਤ ਸਿੰਘ, ਗਰੀਸ ਭਸੀਨ, ਕਰਨ ਮਹਾਜਨ (ਸਾਰੇ ਕੌਂਸਲਰ), ਸੁਰਿੰਦਰ ਸਿੰਘ ਸ਼ਿੰਦਾ ਵਾਲੀਆ, ਤਜਿੰਦਰ ਸਿੰਘ ਭੰਡਾਰੀ, ਪ੍ਰੇਮ ਅਟਵਾਲ, ਜਗਦੀਸ਼ ਜੱਗੀ, ਰਜਿੰਦਰ ਸਿੰਘ ਪਾਲਾ ਵਾਲੀਆ, ਨਰੇਸ਼ ਗੁਪਤਾ, ਉਂਕਾਰ ਅਰੋੜਾ, ਕਨਵ ਪਾਸੀ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਕੁਲਵਿੰਦਰ ਸਿੰਘ ਨੇ ਸਬ ਡਵੀਜ਼ਨਲ ਹਸਪਤਾਲ ਭੁਲੱਥ ਵਿਖੇ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਗੁੰਮ ਹੋਏ ਬੱਚਿਆਂ ਨੂੰ ਲੱਭ ਕੇ ਮਾਪਿਆਂ ਹਵਾਲੇ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।