ਕਪੂਰਥਲਾ, 27 ਫਰਵਰੀ (ਅਮਰਜੀਤ ਕੋਮਲ)- ਜ਼ਿਲ੍ਹੇ ਵਿਚ ਗੈਰ ਕਾਨੂੰਨੀ ਕਬਜ਼ੇ, ਗੈਰ ਕਾਨੂੰਨੀ ਤੌਰ 'ਤੇ ਖੜ੍ਹੇ ਕੀਤੇ ਵਾਹਨਾਂ ਜਾਂ ਲਾਪਰਵਾਹੀ ਕਾਰਨ ਜੇਕਰ ਕੋਈ ਸੜਕ ਕਿਨਾਰੇ ਘਟਨਾ ਵਾਪਰਦੀ ਹੈ ਤਾਂ ਅਜਿਹੇ ਹਾਲਾਤ ਪੈਦਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਪੁਲਿਸ ਵਲੋਂ ਕੇਸ ਦਰਜ ਕੀਤਾ ਜਾਵੇਗਾ ਤੇ ਇਸ ਸੰਬੰਧੀ ਉਪਕਾਰ ਸਿੰਘ ਡੀ.ਐੱਸ.ਪੀ. ਹੈੱਡ ਕੁਆਰਟਰ ਕਪੂਰਥਲਾ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਮੁੱਖ ਥਾਣਾ ਅਫ਼ਸਰਾਂ, ਇੰਚਾਰਜ ਟਰੈਫ਼ਿਕ, ਪੀ.ਸੀ.ਆਰ. ਕਪੂਰਥਲਾ ਤੇ ਫਗਵਾੜਾ ਨੂੰ ਇਕ ਪੱਤਰ ਜਾਰੀ ਕਰਕੇ ਲੋੜੀਂਦੇ ਹੁਕਮ ਜਾਰੀ ਕਰ ਦਿੱਤੇ ਹਨ | ਦੱਸਿਆ ਜਾਂਦਾ ਹੈ ਕਿ ਸੜਕ ਸੁਰੱਖਿਆ ਕਮੇਟੀ ਪੰਜਾਬ ਦੇ ਮੈਂਬਰ ਤੇ ਉੱਘੇ ਸਮਾਜ ਸੇਵਕ ਐਡਵੋਕੇਟ ਚੰਦਨ ਪੁਰੀ ਨੇ ਵੱਧ ਰਹੀਆਂ ਸੜਕ ਦੁਰਘਟਨਾਵਾਂ ਸੰਬੰਧੀ ਇਕ ਸ਼ਿਕਾਇਤ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਟਰੈਫ਼ਿਕ ਤੇ ਸੜਕ ਸੁਰੱਖਿਆ ਪੰਜਾਬ ਚੰਡੀਗੜ੍ਹ ਨੂੰ ਈ-ਮੇਲ ਰਾਹੀਂ ਭੇਜੀ ਸੀ ਕਿ ਜ਼ਿਲ੍ਹੇ ਵਿਚ ਜਿੱਥੇ ਵੀ ਕਿਤੇ ਸੜਕ ਕਿਨਾਰੇ ਦੁਰਘਟਨਾ ਕਿਸੇ ਵਿਅਕਤੀ ਦੀ ਲਾਪਰਵਾਹੀ, ਗੈਰ ਕਾਨੂੰਨੀ ਕਬਜ਼ੇ ਤੇ ਸੜਕ 'ਤੇ ਗੈਰ ਕਾਨੂੰਨੀ ਤੌਰ 'ਤੇ ਖੜ੍ਹੇ ਕੀਤੇ ਵਾਹਨਾਂ ਕਾਰਨ ਵਾਪਰਦੀ ਹੈ ਤਾਂ ਅਜਿਹੀ ਸਥਿਤੀ ਪੈਦਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ | ਇਸ ਪੱਤਰ ਨੂੰ ਗੰਭੀਰਤਾ ਨਾਲ ਲੈਂਦਿਆਂ ਸਪੈਸ਼ਲ ਡਾਇਰੈਕਟਰ ਜਨਰਲ ਟਰੈਫ਼ਿਕ ਨੇ ਸੜਕ ਸੁਰੱਖਿਆ ਪੰਜਾਬ ਦੇ ਦਫ਼ਤਰ ਵਲੋਂ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਫ਼ਤਰ ਨੂੰ ਬੀਤੀ 20 ਫਰਵਰੀ ਨੂੰ ਇਕ ਪੱਤਰ ਲਿਖ ਕੇ ਸੜਕ ਹਾਦਸਿਆਂ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਨ ਸੰਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਤੋਂ ਬਾਅਦ ਡੀ.ਐਸ.ਪੀ. ਹੈੱਡ ਕੁਆਰਟਰ ਵਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ | ਇਸੇ ਸਬੰਧ ਵਿਚ ਡੀ.ਐਸ.ਪੀ. ਹੈੱਡ ਕੁਆਰਟਰ ਉਪਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਐੱਸ.ਐੱਸ.ਪੀ. ਕਪੂਰਥਲਾ ਰਾਹੀਂ ਇਕ ਪੱਤਰ ਪ੍ਰਾਪਤ ਹੋਇਆ ਸੀ ਜਿਸ ਵਿਚ ਸਪਸ਼ਟ ਤੌਰ 'ਤੇ ਦਰਸਾਇਆ ਗਿਆ ਸੀ ਕਿ ਜੇਕਰ ਸੜਕ ਹਾਦਸੇ ਗੈਰ ਕਾਨੂੰਨੀ ਕਬਜ਼ਿਆਂ, ਦੁਕਾਨਦਾਰਾਂ ਵਲੋਂ ਸੜਕ 'ਤੇ ਸਾਮਾਨ ਰੱਖਣ ਤੇ ਗ਼ਲਤ ਤਰੀਕੇ ਨਾਲ ਗੱਡੀਆਂ ਖੜ੍ਹੀਆਂ ਕਰਨ ਜਾਂ ਕਿਸੇ ਹੋਰ ਲਾਪਰਵਾਹੀ ਕਾਰਨ ਵਾਪਰਦੇ ਹਨ ਜਾਂ ਵਾਪਰਨ ਦੀ ਸੰਭਾਵਨਾ ਬਣਦੀ ਹੈ, ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਿਤ ਵਿਅਕਤੀਆਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਹੁਕਮ ਦੀ ਕਾਪੀ ਵੀ ਸਬੰਧਿਤ ਅਧਿਕਾਰੀਆਂ ਨੂੰ ਯੋਗ ਕਾਰਵਾਈ ਲਈ ਭੇਜ ਦਿੱਤੀ ਗਈ ਹੈ |