ਫਗਵਾੜਾ, 28 ਫਰਵਰੀ (ਹਰਜੋਤ ਸਿੰਘ ਚਾਨਾ)- ਸ੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਦੀ ਮਹੱਤਵਪੂਰਨ ਮੀਟਿੰਗ ਟਰੱਸਟ ਦੇ ਪ੍ਰਧਾਨ ਪ੍ਰਦੀਪ ਧੀਮਾਨ ਦੀ ਅਗਵਾਈ 'ਚ ਹੋਈ | ਮੀਟਿੰਗ 'ਚ ਹਸਪਤਾਲ ਦੇ ਡਾਕਟਰਾਂ, ਨਰਸਿੰਗ ਸਟਾਫ਼ ਤੇ ਪ੍ਰਬੰਧਕੀ ਮੈਂਬਰਾਂ ਨੇ ਭਾਗ ਲਿਆ | ਮੀਟਿੰਗ ਦੌਰਾਨ ਪ੍ਰਧਾਨ ਪ੍ਰਦੀਪ ਧੀਮਾਨ ਨੇ ਹਸਪਤਾਲ 'ਚ ਚੱਲ ਰਹੇ ਵਿਕਾਸ ਕਾਰਜਾਂ, ਡਾਕਟਰੀ ਸਹੂਲਤਾਂ ਦੇ ਵਿਸਥਾਰ ਤੇ ਮਰੀਜ਼ਾਂ ਨੂੰ ਉੱਚ ਦਰਜੇ ਦੀ ਸੇਵਾ ਮੁਹੱਈਆ ਕਰਵਾਉਣ ਸੰਬੰਧੀ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਨਵੇਂ ਡਾਕਟਰਾਂ ਤੇ ਨਰਸਿੰਗ ਸਟਾਫ਼ ਦੀ ਨਿਯੁਕਤੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਟਰੱਸਟ ਦਾ ਮੁੱਖ ਉਦੇਸ਼ ਸਮਾਜ ਦੇ ਹਰ ਵਰਗ ਨੂੰ ਸਸਤੀ ਤੇ ਬਿਹਤਰ ਇਲਾਜ ਸਹੂਲਤਾਂ ਪ੍ਰਦਾਨ ਕਰਨਾ ਹੈ | ਇਸ ਦੌਰਾਨ ਜੋਗਿੰਦਰ ਸਿੰਘ ਚਲੋਤਰਾ ਨੂੰ ਸ੍ਰੀ ਵਿਸ਼ਵਕਰਮਾ ਮੰਦਰ ਤੇ ਹਸਪਤਾਲ 'ਚ ਲੰਬੇ ਸਮੇਂ ਤੋਂ ਆਰਕੀਟੈਕਟ ਵਜੋਂ ਨਿਸ਼ਕਾਮ ਸੇਵਾਵਾਂ ਦੇਣ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਭੇਟ ਕਰ ਕੇ ਸਨਮਾਨ ਦਿੱਤਾ ਗਿਆ | ਟਰੱਸਟ ਮੈਂਬਰਾਂ ਨੇ ਉਨ੍ਹਾਂ ਦੇ ਯੋਗਦਾਨ ਨੂੰ ਮੰਦਰ ਅਤੇ ਹਸਪਤਾਲ ਦੀ ਤਰੱਕੀ ਵਿਚ ਅਹਿਮ ਦੱਸਿਆ | ਇਸ ਮੌਕੇ ਜਸਪਾਲ ਸਿੰਘ ਲਾਲ, ਗੁਰਨਾਮ ਸਿੰਘ ਜੁਤਲਾ, ਸੁਭਾਸ਼ ਧੀਮਾਨ, ਅਮੋਲਕ ਸਿੰਘ ਝੀਤਾ, ਰਾਜਿੰਦਰ ਸਿੰਘ ਰੂਪਰਾਏ, ਸੁਖਜੀਤ ਸਿੰਘ ਬਾਂਸਲ, ਬਲਵਿੰਦਰ ਸਿੰਘ ਰਤਨ ਅਤੇ ਵਿਕਰਮ ਰੂਪਰਾਏ ਆਦਿ ਸ਼ਾਮਿਲ ਸਨ |