30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮੰਡੀ 'ਚ ਫ਼ਸਲ ਦੀ ਲਿਫ਼ਟਿੰਗ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ

ਮੰਡੀ 'ਚ ਫ਼ਸਲ ਦੀਆਂ ਪਈਆਂ ਬੋਰੀਆਂ | ਤਸਵੀਰ : ਚਾਨਾ <br/> 18-04-2026
ਫਗਵਾੜਾ, 17 ਅਪੈ੍ਰਲ (ਹਰਜੋਤ ਸਿੰਘ ਚਾਨਾ)-ਫਗਵਾੜਾ ਦੀ ਮੰਡੀ 'ਚ ਕਿਸਾਨਾਂ ਦੀ ਫ਼ਸਲ ਦਾ ਬੁਰਾ ਹਾਲ ਹੈ ਤੇ ਅਜੇ ਤੱਕ ਲਿਫ਼ਟਿੰਗ ਦਾ ਕੰਮ ਵੀ ਨਹੀਂ ਸ਼ੁਰੂ ਹੋਇਆ ਹੈ ਜਿਸ ਤੋਂ ਕਿਸਾਨ ਪ੍ਰੇਸ਼ਾਨ ਹਨ ਤੇ ਉਨ੍ਹਾਂ ਇਸ ਸਬੰਧੀ ਜਲਦ ਸੰਘਰਸ਼ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ ਹੈ | ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ ਦਾ ਵਫ਼ਦ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ 'ਚ ਦਾਣਾ ਮੰਡੀ ਵਿਖੇ ਪੁੱਜਾ ਜਿੱਥੇ ਉਨ੍ਹਾਂ ਪ੍ਰਬੰਧਾਂ ਨੂੰ ਦੇਖ ਕੇ ਰੋਸ ਪ੍ਰਗਟਾਇਆ | ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਵਲੋਂ 1 ਅਪੈ੍ਰਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਕੀਤੀ ਸੀ ਪਰ ਅੱਜ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਮੰਡੀ 'ਚ ਕਿਸਾਨਾਂ ਦੀ ਆਈ ਕਣਕ ਚੁੱਕੀ ਨਹੀਂ ਗਈ ਜਿਸ ਨਾਲ ਕਿਸਾਨਾਂ ਨੂੰ ਕੋਈ ਅਦਾਇਗੀ ਨਹੀਂ ਹੋ ਰਹੀ | ਉਨ੍ਹਾਂ ਦੱਸਿਆ ਕਿ ਕਿਸਾਨ ਤਾਂ ਪਹਿਲਾ ਹੀ ਆਰਥਿਕ ਤੌਰ 'ਤੇ ਮਾਰ ਝੱਲ ਰਿਹਾ ਹੈ ਕਿਉਂਕਿ ਝੋਨੇ ਦਾ ਝਾੜ ਵੀ ਬਹੁਤ ਘੱਟ ਹੋਇਆ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਸ ਸਮੇਂ ਤੱਕ ਕਣਕ ਦੀ ਖ਼ਰੀਦ ਲੱਖ ਤੋਂ ਵੱਧ ਹੋ ਚੁੱਕੀ ਸੀ ਤੇ ਇਸ ਵਾਰ 7800 ਕੁਇੰਟਲ ਹੀ ਅਜੇ ਤੱਕ ਹੋਈ ਹੈ ਉਨ੍ਹਾਂ ਦੱਸਿਆ ਕਿ ਜਦੋਂ ਤੱਕ ਕਣਕ ਦੀ ਖ਼ਰੀਦ ਨਹੀਂ ਹੁੰਦੀ ਉਦੋਂ ਤੱਕ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਨਹੀਂ ਆਉਣਗੇ ਤੇ ਏਜੰਸੀਆਂ ਸਿਰਫ਼ ਕਿਸਾਨਾਂ ਦੀ ਫ਼ਸਲ ਮੰਡੀ 'ਚ ਰਖਵਾ ਕੇ ਕਿਸਾਨਾਂ ਨੂੰ ਵਿਹਲਾ ਕਰਕੇ ਆਪਣੀ ਵਾਹ ਵਾਹ ਖੱਟ ਰਹੀਆਂ ਹਨ | ਉਨ੍ਹਾਂ ਕਿਹਾ ਕਿ ਮੰਡੀ 'ਚ ਪ੍ਰਬੰਧ ਵੀ ਚੰਗੇ ਨਹੀਂ ਕੀਤੇ ਗਏ ਹਨ ਤੇ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ | ਉਨ੍ਹਾਂ ਦੱਸਿਆ ਕਿ ਸਰਕਾਰ ਸਰਕਾਰੀ ਮੰਡੀਆਂ ਨੂੰ ਫ਼ੇਲ੍ਹ ਕਰਨ 'ਤੇ ਤੁਲੀ ਹੋਈ ਹੈ ਤਾਂ ਜੋ ਕਿਸਾਨ ਨਿੱਜੀਕਰਨ ਵੱਲ ਵੱਧ ਸਕੇ | ਉਨ੍ਹਾਂ ਕੇਂਦਰ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਜੋ ਐਮ.ਐਸ.ਪੀ. ਦੇਣ ਨੂੰ ਲੈ ਕੇ ਗੱਲ ਕਰ ਰਹੀ ਹੈ ਤੇ ਹੁਣ ਹਰਿਆਣਾ ਤੇ ਰਾਜਸਥਾਨ 'ਚ ਕਿਸਾਨਾਂ ਦੀ ਹਾਲਤ ਬਹੁਤ ਮਾੜੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਆਂ 'ਚ ਰੁਲ ਰਹੀ ਕਿਸਾਨਾਂ ਦੀ ਫ਼ਸਲ ਨੂੰ ਜਲਦ ਤੋਂ ਜਲਦ ਚੁੱਕਿਆ ਜਾਵੇ ਤੇ ਕਿਸਾਨਾਂ ਨੂੰ ਬਣਦੀ ਰਕਮ ਦੀ ਅਦਾਇਗੀ ਕਰਵਾਈ ਜਾਵੇ | ਐਸ.ਡੀ.ਐਮ ਰਣਦੀਪ ਸਿੰਘ ਹੀਰ ਨੇ ਕਿਹਾ ਕਿ ਫ਼ਸਲਾਂ ਦੀ ਚੁਕਾਈ ਦਾ ਕੰਮ ਸ਼ੁਰੂ ਹੋ ਗਿਆ ਤੇ ਕੱਲ੍ਹ ਤੋਂ ਹੋਰ ਤੇਜ਼ੀ ਲਿਆਂਦੀ ਜਾਵੇਗੀ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ |
ਪਿਛਲੀ ਖ਼ਬਰ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਅਧਿਆਪਕਾਂ ਨੂੰ ਗੈਰ-ਵਿੱਦਿਅਕ ਕੰਮਾਂ ਵਿਚ ਉਲਝਾਉਣ ਦੀ ਸਖ਼ਤ ਨਿਖੇਧੀ <br/> ਅਗਲੀ ਖ਼ਬਰ 60 ਲੱਖ ਦੀ ਲਾਗਤ ਨਾਲ ਉਸਾਰੇ ਥਾਪਰ ਮਾਡਲ ਛੱਪੜ ਤੇ ਧਰਮਸ਼ਾਲਾ ਦਾ ਚੀਮਾ ਵਲੋਂ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।