ਢਿਲਵਾਂ, 29 ਅਪ੍ਰੈਲ (ਪ੍ਰਵੀਨ ਕੁਮਾਰ)-ਆੜ੍ਹਤੀ ਯੂਨੀਅਨ ਦਾਣਾ ਮੰਡੀ ਢਿਲਵਾਂ ਦੀ ਮੀਟਿੰਗ ਪ੍ਰਧਾਨ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਉਨ੍ਹਾਂ ਦਾਣਾ ਮੰਡੀ ਢਿਲਵਾਂ ਵਿਚ ਖ਼ਰੀਦ ਕੀਤੀ ਗਈ ਕਣਕ ਦੀ ਚੁਕਾਈ ਸੁਸਤ ਰਫ਼ਤਾਰ ਨਾਲ ਹੋਣ ਪ੍ਰਤੀ ਆਪਣੀ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਢਿੱਲੀ ਰਫ਼ਤਾਰ ਨਾਲ ਕਣਕ ਦੀ ਚੁਕਾਈ ਹੋਣ ਕਰਕੇ ਆੜ੍ਹਤੀਆਂ ਦੇ ਨਾਲ ਨਾਲ ਮਜ਼ਦੂਰ ਵੀ ਪ੍ਰੇਸ਼ਾਨ ਹੈ | ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਦੇ ਨਿਯਮਾਂ ਅਨੁਸਾਰ ਖ਼ਰੀਦ ਕੀਤੀ ਗਈ ਕਣਕ ਦੀ ਚੁਕਾਈ 72 ਘੰਟਿਆਂ ਵਿਚ ਹੋਣੀ ਲਾਜ਼ਮੀ ਹੈ ਪਰ ਦਾਣਾ ਮੰਡੀ ਢਿਲਵਾਂ ਵਿਚ ਪਿਛਲੇ ਕਈ ਦਿਨਾਂ ਤੋਂ ਖ਼ਰੀਦ ਕੀਤੀ ਕਣਕ ਦੇ ਅੰਬਾਰ ਅੰਦਰ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਮੌਸਮ ਦੇ ਖ਼ਰਾਬ ਹੋਣ ਨਾਲ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਵੱਧ ਜਾਂਦੀ ਹੈ ਉਨ੍ਹਾਂ ਕਿਹਾ ਕਿ ਚੁਕਾਈ ਚ ਹੋ ਰਹੀ ਦੇਰੀ ਲਈ ਕਣਕ ਦੀ ਸ਼ੋਰਟੇਜ ਲਈ ਉਹ ਪਾਬੰਦ ਨਹੀਂ ਹੋਣਗੇ | ਉਨ੍ਹਾਂ ਮੰਗ ਕੀਤੀ ਕਿ ਕਣਕ ਦੀ ਚੁਕਾਈ ਵਿਚ ਤੇਜ਼ੀ ਲਿਆਂਦੀ ਜਾਵੇ | ਇਸ ਮੌਕੇ ਅਮਰਜੀਤ ਸਿੰਘ, ਯੁੱਧਵੀਰ ਸਿੰਘ ਰਾਣਾ, ਮੱਖਣ ਸਿੰਘ ਧਾਲੀਵਾਲ, ਮਹਿੰਦਰ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਸਿੰਘ (ਸਾਰੇ ਆੜ੍ਹਤੀ) ਮੁਨੀਮ ਰਜੇਸ਼ ਕੁਮਾਰ ਆਦਿ ਸਮੇਤ ਹੋਰ ਵੀ ਮੌਜੂਦ ਸਨ |