ਜਲੰਧਰ, 29 ਅਪ੍ਰੈਲ (ਐੱਮ. ਐੱਸ. ਲੋਹੀਆ)-ਬੱਚਿਆਂ ਨੂੰ ਆਪਣੇ ਵਿਰਸੇ ਅਤੇ ਸਾਹਿਤ ਨਾਲ ਜੋੜਨ ਦਾ ਉਪਰਾਲਾ ਕਰ ਰਹੀ 'ਪੰਜਾਬ ਭਵਨ ਸਰੀ ਕੈਨੇਡਾ' ਵਲੋਂ ਇਕ ਹੋਰ ਮਹੱਤਵਪੂਰਣ ਉਪਰਾਲਾ ਕਰਦੇ ਹੋਏ 'ਨਵੀਆਂ ਕਲਮਾਂ ਨਵੀਂ ਉਡਾਣ' ਪ੍ਰਾਜੈਕਟ ਤਹਿਤ 3 ਮਈ 2026 ਨੂੰ ਕੈਂਬਰਿਜ ਇੰਟਰਨੈਸ਼ਨਲ ਸਕੂਲ, ਫਗਵਾੜਾ ਵਿਖੇ ਇਕ ਰੋਜ਼ਾ ਦੂਸਰੀ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਕਰਵਾਈ ਜਾ ਰਹੀ ਹੈ, ਜਿਸ 'ਚ ਪੰਜਾਬ ਦੇ ਜ਼ਿਲਿ੍ਹਆਂ ਤੋਂ ਇਲਾਵਾ ਬਾਹਰਲੇ ਰਾਜਾਂ ਅਤੇ ਹੋਰ ਦੇਸ਼ਾਂ ਤੋਂ ਲਗਭਗ 600 ਦੇ ਕਰੀਬ ਬਾਲ ਲੇਖਕ ਭਾਗ ਲੈ ਰਹੇ ਹਨ | ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਨੇ ਜਾਣਕਾਰੀ ਦਿੱਤੀ ਕਿ ਕਾਨਫਰੰਸ 'ਚ ਭਾਗ ਲੈਣ ਵਾਲੇ ਬੱਚਿਆਂ ਲਈ ਟ੍ਰਾਂਸਪੋਰਟ ਦਾ ਅਤੇ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਸੰਸਥਾ ਵਲੋਂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਬਾਲ ਸਾਹਿਤਕਾਰ ਸਾਡੇ ਦੇਸ਼ ਦਾ ਸਰਮਾਇਆ ਹਨ, ਇਨ੍ਹਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੋੜਨਾ ਸਾਡਾ ਸਭ ਦਾ ਫਰਜ਼ ਹੈ | ਸ੍ਰੀ ਬਾਠ ਨੇ ਕਿਹਾ ਕਿ ਇਸ ਤਹਿਤ ਹੀ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਰਾਹੀਂ ਅਸੀਂ ਬੱਚਿਆਂ ਨੂੰ ਬਾਲ ਸਾਹਿਤਕਾਰ ਬਣਨ ਦੀ ਚਿਣਗ ਲਾ ਰਹੇ ਹਾਂ | ਉਨ੍ਹਾਂ ਵਾਅਦਾ ਕੀਤਾ ਕਿ ਇਨ੍ਹਾਂ ਬੱਚਿਆਂ ਦੀ ਬਾਂਹ ਫੜ੍ਹਨ ਨਾਲ ਇਹ ਬਾਲ ਸਾਹਿਤਕਾਰ ਇਕ ਦਿਨ ਸਾਹਿਤ ਦੇ ਖੇਤਰ 'ਚ ਨਵਾਂ ਇਤਿਹਾਸ ਸਿਰਜਣਗੇ, ਇਨ੍ਹਾਂ ਦੇ ਸਿਰਜੇ ਹੋਏ ਇਤਿਹਾਸ ਨੂੰ ਕਦੇ ਅਣਗੌਲਿਆ ਨਹੀਂ ਕੀਤਾ ਜਾ ਸਕੇਗਾ | ਪ੍ਰਾਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਤੇ ਗੁਰਵਿੰਦਰ ਸਿੰਘ ਕਾਂਗੜ ਸੀਨੀਅਰ ਸਹਿ ਪ੍ਰੋਜੈਕਟ ਇੰਚਾਰਜ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਸੰਸਥਾ ਵਲੋਂ ਇਸ ਤੋਂ ਪਹਿਲਾਂ ਅਕਾਲ ਕਾਲਜ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਪਿੱਛਲੇ ਸਾਲ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ ਕਰਵਾ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਰਾਜਸਥਾਨ ਦੇ 'ਚ ਕਾਨਫਰੰਸਾਂ ਕਰਵਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਫਗਵਾੜਾ ਵਿਖੇ ਕਰਵਾਈ ਜਾ ਰਹੀ ਕਾਨਫਰੰਸ 'ਚ ਅਸ਼ੋਕ ਮਹਿਰਾ ਇੰਟਰਨੈਸ਼ਨਲ ਕੋਆਰਡੀਨੇਟਰ ਮਿਸ਼ਨ ਹਨੇਰੇ ਤੋਂ ਚਾਨਣ ਵੱਲ, ਜੋਰਾਵਰ ਸਿੰਘ ਪਿ੍ੰਸੀਪਲ ਕੈਂਬਰਿਜ ਇੰਟਰਨੈਸ਼ਨਲ ਸਕੂਲ, ਫ਼ਗਵਾੜਾ ਦਾ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ | ਇਸ ਮੌਕੇ ਸਤੀਸ਼ ਜੌੜਾ ਮੀਡੀਆ ਸਲਾਹਕਾਰ ਪੰਜਾਬ ਭਵਨ ਸਰੀ ਕੈਨੇਡਾ, ਅਵਤਾਰ ਸਿੰਘ ਚੋਟੀਆਂ ਜ਼ਿਲ੍ਹਾ ਪ੍ਰਧਾਨ ਸੰਗਰੂਰ, ਬਲਜੀਤ ਸਿੰਘ ਸੇਖਾ ਜ਼ਿਲ੍ਹਾ ਪ੍ਰਧਾਨ ਮੋਗਾ, ਅਨਿਲ ਕੁਮਾਰ ਬਠਿੰਡਾ, ਗੁਰਮੀਤ ਸਿੰਘ ਪਲਾਹੀ, ਰਵਿੰਦਰ ਸਿੰਘ ਚੋਟ, ਸਰਬਜੀਤ ਸਿੰਘ ਅਤੇ ਹੋਰ ਹਾਜ਼ਰ ਸਨ |