ਜ਼ਿਲ੍ਹੇ ਵਿਚ ਜਨਗਣਨਾ-2027 ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ <br/>
ਅਜੀਤ ਡੈਸਕ
30-04-2026
ਗਿਣਤੀਕਾਰ ਜਨਗਣਨਾ ਦੇ ਕਾਰਜ ਨੂੰ ਪੂਰੀ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਨਿਭਉਣ-ਅਨੂਪਮ ਕਲੇਰ :
ਜਨਗਣਨਾ-2027 ਨੂੰ ਸਫਲ ਬਣਾਉਣ ਲਈ ਨਗਰ ਨਿਗਮ ਕਪੂਰਥਲਾ ਵਲੋਂ ਨਗਰ ਨਿਗਮ ਦੇ ਮੀਟਿੰਗ ਹਾਲ ਵਿਚ ਤਿੰਨ ਰੋਜ਼ਾ ਟਰੇਨਿੰਗ ਹੋਈ ਤੇ ਹਰ ਬੈਚ ਵਿਚ 100 ਗਿਣਤੀਕਾਰਾਂ ਨੇ ਟਰੇਨਿੰਗ ਲਈ | ਟਰੇਨਿੰਗ ਮੌਕੇ ਉਚੇਚੇ ਤੌਰ 'ਤੇ ਸ਼ਾਮਲ ਹੋਈ ਨਗਰ ਨਿਗਮ ਦੀ ਕਮਿਸ਼ਨਰ ਨੇ ਦੱਸਿਆ ਕਿ ਗਿਣਤੀਕਾਰ ਘਰ-ਘਰ ਜਾ ਕੇ ਜਨਗਣਨਾ ਸਬੰਧੀ ਜਾਣਕਾਰੀ ਇਕੱਠੀ ਕਰਨ ਦੀ ਜ਼ਿੰਮੇਵਾਰੀ ਨਿਭਾਉਣਗੇ | ਉਨ੍ਹਾਂ ਕਿਹਾ ਕਿ ਇਸ ਸਬੰਧੀ ਗਿਣਤੀਕਾਰਾਂ ਸਾਰੇ ਮਹੱਤਵਪੂਰਨ ਪਹਿਲੂਆਂ, ਜਿਵੇਂ ਕਿ ਫਾਰਮ ਭਰਨ ਦੀ ਪ੍ਰਕਿਰਿਆ, ਡਾਟੇ ਦੀ ਸਟੀਕਤਾ, ਗੋਪੀਨੀਯਤਾ ਦੇ ਨਿਯਮ ਅਤੇ ਕੰਮ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਜਨਗਣਨਾ ਦੇ ਅੰਕੜੇ ਸਰਕਾਰੀ ਯੋਜਨਾਵਾਂ ਤੇ ਨੀਤੀਆਂ ਦੀ ਤਿਆਰੀ ਦਾ ਆਧਾਰ ਹੁੰਦੇ ਹਨ | ਉਨ੍ਹਾਂ ਗਿਣਤੀਕਾਰਾਂ ਨੂੰ ਕਿਹਾ ਕਿ ਉਹ ਇਸ ਕਾਰਜ ਨੂੰ ਪੂਰੀ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਨਿਭਾਉਣ | ਅਨੂਪਮ ਕਲੇਰ ਨੇ ਕਿਹਾ ਕਿ ਨਗਰ ਨਿਗਮ ਵਿਚ ਜਨਗਣਨਾ ਦਾ ਸਾਰਾ ਕਾਰਜ ਸਹਾਇਕ ਟਾਊਨ ਪਲੈਨਰ ਕਮ ਜਨਗਣਨਾ ਅਧਿਕਾਰੀ ਪੂਜਾ ਮਾਨ ਦੀ ਦੇਖ ਰੇਖ ਹੇਠ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਟਰੇਨਿੰਗ ਦਾ ਮੁੱਖ ਉਦੇਸ਼ ਗਿਣਤੀਕਾਰਾਂ ਨੂੰ ਪੂਰੀ ਤਰ੍ਹਾਂ ਯੋਗ ਬਣਾਉਣਾ ਹੈ ਤਾਂ ਜੋ ਉਹ ਜਨਗਣਨਾ ਦਾ ਕੰਮ ਸਮੇਂ ਸਿਰ ਤੇ ਬਿਨਾਂ ਕਿਸੇ ਗਲੇ ਪੂਰਾ ਕਰ ਸਕਣ | ਇਸ ਮੌਕੇ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |