ਕਪੂਰਥਲਾ, 11 ਮਈ (ਅਮਰਜੀਤ ਕੋਮਲ)-ਮਾਤਾ ਭੱਦਰਕਾਲੀ ਦਾ 79ਵਾਂ ਸਾਲਾਨਾ ਮੇਲਾ 13 ਮਈ ਦਿਨ ਬੁੱਧਵਾਰ ਨੂੰ ਮੰਦਿਰ ਮਾਤਾ ਭੱਦਰਕਾਲੀ ਸ਼ੇਖੂਪੁਰ ਵਿਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਦੇ ਸਬੰਧ ਵਿਚ 12 ਮਈ ਨੂੰ ਸ਼ਾਮ 6 ਵਜੇ ਸ੍ਰੀ ਬ੍ਰਹਮਕੁੰਡ ਮੰਦਿਰ ਨੇੜੇ ਸ਼ਾਲਾਮਾਰ ਬਾਗ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ | ਇਸ ਸ਼ੋਭਾ ਯਾਤਰਾ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸ੍ਰੀ ਦੁਰਗਾ ਮੰਡਲ ਮੰਦਿਰ ਮਾਤਾ ਭੱਦਰਕਾਲੀ ਵੈੱਲਫੇਅਰ ਸੁਸਾਇਟੀ ਰਜਿ. ਸ਼ੇਖੂਪੁਰ ਦੇ ਪ੍ਰਧਾਨ ਪ੍ਰਸ਼ੋਤਮ ਪਾਸੀ ਤੇ ਚੇਅਰਮੈਨ ਰਾਧੇ ਸ਼ਾਮ ਸ਼ਰਮਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਸ਼ਾਲਾਮਾਰ ਬਾਗ, ਸਤਨਰਾਇਣ ਮੰਦਰ ਚੌਂਕ, ਸ਼ਹੀਦ ਭਗਤ ਸਿੰਘ ਚੌਂਕ, ਸ਼ਿਵ ਮੰਦਿਰ ਕਚਹਿਰੀ ਚੌਂਕ, ਸਟੇਟ ਗੁਰਦੁਆਰਾ ਸਾਹਿਬ ਰੋਡ 'ਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚੋਂ ਹੁੰਦੀ ਹੋਈ 12 ਮਈ ਦੀ ਦੇਰ ਰਾਤ ਮੰਦਿਰ ਮਾਤਾ ਭੱਦਰਕਾਲੀ ਸ਼ੇਖੂਪੁਰ ਵਿਚ ਸਮਾਪਤ ਹੋਵੇਗੀ | ਉਨ੍ਹਾਂ ਕਿਹਾ ਕਿ ਇਸੇ ਦਿਨ ਹੀ ਮਾਤਾ ਭੱਦਰਕਾਲੀ ਮੰਦਿਰ ਵਿਚ ਜਾਗਰਣ ਹੋਵੇਗਾ, ਜਿਸ ਵਿਚ ਉੱਗੀਆਂ ਭਜਨ ਮੰਡਲੀਆਂ ਮਾਤਾ ਦੀ ਮਹਿਮਾ ਦਾ ਗੁਣਗਾਨ ਕਰਨਗੀਆਂ | ਉਨ੍ਹਾਂ ਕਿਹਾ ਕਿ ਅੱਜ ਸਵੇਰੇ ਮੰਦਿਰ ਵਿਚ ਸ੍ਰੀ ਸੁੰਦਰ ਕਾਂਡ ਦੇ ਪਾਠ ਹੋਏ ਤੇ ਸ਼ਾਮ ਨੂੰ ਮਾਤਾ ਦੀ ਚੌਂਕੀ ਲਗਾਈ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ | ਉਨ੍ਹਾਂ ਕਿਹਾ ਕਿ 13 ਮਈ ਨੂੰ ਸਾਲਾਨਾ ਮੇਲੇ ਮੌਕੇ ਦੇਸ਼ ਵਿਦੇਸ਼ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਮਾਤਾ ਭੱਦਰਕਾਲੀ ਮੰਦਿਰ ਵਿਚ ਨਤਮਸਤਕ ਹੋਣਗੀਆਂ |