ਕਪੂਰਥਲਾ, 11 ਮਈ (ਸਡਾਨਾ)-ਕਪੂਰਥਲਾ ਰਿਆਸਤ ਦੇ ਮਹਾਰਾਜਾ ਵਲੋਂ ਬਣਾਈਆਂ ਗਈਆਂ ਆਲੀਸ਼ਾਨ ਇਮਾਰਤਾਂ ਵਿਚੋਂ ਇਕ ਗੋਲ ਕੋਠੀ ਆਪਣੀ ਬਦਹਾਲੀ 'ਤੇ ਹੰਝੂ ਵਹਾਅ ਰਹੀ ਹੈ | ਇਸ ਕੋਠੀ ਵਿਚ ਕਿਸੇ ਸਮੇਂ ਮਹਾਰਾਜਾ ਜਗਤਜੀਤ ਸਿੰਘ ਦੇ ਪਰਿਵਾਰਕ ਮੈਂਬਰ ਰਿਹਾ ਕਰਦੇ ਸਨ, ਉਸ ਉਪਰੰਤ ਇਹ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਰਿਹਾਇਸ਼ ਬਣੀ ਤੇ ਲੰਮਾ ਸਮਾਂ ਸਿਵਲ ਸਰਜਨ ਵੀ ਇਸੇ ਕੋਠੀ ਵਿਚ ਰਹਿੰਦੇ ਰਹੇ | ਇਸਦੀ ਖ਼ਸਤਾ ਹਾਲਤ ਨੂੰ ਦੇਖਦਿਆਂ ਇਸਨੂੰ ਅਸੁਰੱਖਿਅਤ ਐਲਾਨਿਆ ਗਿਆ ਤੇ ਕੁੱਝ ਸਮਾਂ ਪਹਿਲਾਂ ਹੀ ਮੁੜ ਇਸਦੀ ਮੁਰੰਮਤ ਕਰਵਾਕੇ ਰੰਗਰੋਗਨ ਕਰਵਾਇਆ ਗਿਆ | ਪਰ ਬੰਦ ਰਹਿਣ ਦੇ ਕਾਰਨ ਮੁੜ ਇਸਦੀ ਹਾਲਤ ਖ਼ਰਾਬ ਹੋ ਰਹੀ ਹੈ | ਗੋਲ ਕੋਠੀ ਦੇ ਦਾਇਰੇ ਅੰਦਰ ਲੱਗੀ ਪਾਣੀ ਦੀ ਟੈਂਕੀ ਦਾ ਵਾਲਵ ਟੁੱਟਿਆ ਹੋਣ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਨਿਰੰਤਰ ਹਜ਼ਾਰਾ ਲੀਟਰ ਸਾਫ਼ ਪਾਣੀ ਰੋਜ਼ਾਨਾ ਵਿਅਰਥ ਜਾ ਰਿਹਾ ਹੈ, ਪਰ ਸਬੰਧਿਤ ਵਿਭਾਗ ਦਾ ਇਸ ਵੱਲ ਕੋਈ ਧਿਆਨ ਨਹੀਂ | ਪਾਣੀ ਦੇ ਵਿਅਰਥ ਵਗਣ ਕਾਰਨ ਜਿੱਥੇ ਇਮਾਰਤ ਨੂੰ ਨੁਕਸਾਨ ਹੋ ਰਿਹਾ ਹੈ ਉੱਥੇ ਹਜ਼ਾਰਾਂ ਲੀਟਰ ਪਾਣੀ ਦੀ ਵੀ ਰੋਜ਼ਾਨਾ ਬਰਬਾਦੀ ਹੋ ਰਹੀ ਹੈ | ਕੈਮਰਾ ਬਾਗ ਵਿਖੇ ਰੋਜ਼ਾਨਾ ਸੈਰ ਕਰਨ ਵਾਲਿਆਂ ਨੇ ਮੰਗ ਕੀਤੀ ਕਿ ਤੁਰੰਤ ਇਸ ਵੱਲ ਧਿਆਨ ਦਿੰਦੇ ਹੋਏ ਪਾਣੀ ਦੀ ਹੋ ਰਹੀ ਬਰਬਾਦੀ ਨੂੰ ਰੋਕਿਆ ਜਾਵੇ ਤੇ ਇਸ ਟੈਂਕੀ ਦੀ ਜਲਦੀ ਮੁਰੰਮਤ ਕਰਵਾਈ ਜਾਵੇ |