ਸੁਲਤਾਨਪੁਰ ਲੋਧੀ, 19 ਮਈ (ਨਰੇਸ਼ ਹੈਪੀ, ਥਿੰਦ)-ਏਜੰਟਾਂ ਵੱਲੋਂ ਪੰਜਾਬ ਦੇ ਭੋਲੇਭਾਲੇ ਲੋਕਾਂ ਨੂੰ ਠੱਗਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ | ਜਲੰਧਰ ਦੇ ਸੋਫ਼ੀ ਪਿੰਡ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਮਾਪਿਆ ਸਿਰ ਚੜ੍ਹੇ ਕਰਜ਼ੇ ਨੂੰ ਲਹਾਉਣ ਲਈ ਦੁਬਈ ਵਿਚ ਬੈਠਕੇ ਉਸ ਨੂੰ ਆਪਣੀ ਰੋਟੀ ਦੇ ਪੈਸੇ ਵੀ ਮਾਪਿਆਂ ਕੋਲੋਂ ਮੰਗਵਾਉਣੇ ਪੈਣਗੇ | ਡਰੋਨਾਂ ਤੇ ਮਿਜ਼ਾਈਲਾਂ ਦੇ ਸਾਏ ਹੇਠ ਗੁਜ਼ਾਰੇ ਚਾਰ ਮਹੀਨਿਆਂ ਨੂੰ ਯਾਦ ਕਰਦਿਆਂ ਲਵਪ੍ਰੀਤ ਦੇ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ | ਇਸ ਦਹਿਸ਼ਤ ਭਰੇ ਮਾਹੌਲ ਵਿਚ ਉਸਨੇ ਵਾਪਸੀ ਦੀ ਉਮੀਦ ਵੀ ਛੱਡ ਦਿੱਤੀ ਸੀ | ਚਾਰ ਮਹੀਨੇ ਦੁਬਈ ਵਿਚ ਜਿਸ ਕੰਪਨੀ ਕੋਲ ਕੰਮ ਕੀਤਾ ਉਸ ਨੇ ਤਨਖ਼ਾਹ ਤਾਂ ਕੀ ਦੇਣੀ ਸੀ ਸਗੋਂ ਲਵਪ੍ਰੀਤ ਸਿੰਘ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਸੀ ਕਿ ਕਿਧਰੇ ਉਹ ਦੌੜ ਨਾ ਜਾਵੇ | ਪੰਜ ਮਹੀਨਿਆਂ ਬਾਅਦ ਦੁਬਈ ਤੋਂ ਪਰਤੇ ਲਵਪ੍ਰੀਤ ਸਿੰਘ ਨੇ ਅੱਜ ਸੁਲਤਾਨਪੁਰ ਲੋਧੀ ਆ ਕੇ ਨਿਰਮਲ ਕੁਟੀਆ 'ਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ | ਲਵਪ੍ਰੀਤ ਸਿੰਘ ਨੇ ਦੱਸਿਆ ਕਿ ਅਰਬ ਦੇਸ਼ਾਂ ਨੂੰ ਲੇਬਰ ਭੇਜਣ ਵਾਲੇ ਇੱਕ ਨਾਮੀ ਟਰੈਵਲ ਏਜੰਟ ਨੇ ਉਸ ਨਾਲ ਠੱਗ ਮਾਰੀ ਅਤੇ ਦੋ ਮਹੀਨੇ ਦਾ ਟੂਰਿਸਟ ਵੀਜ਼ਾ ਲਗਵਾ ਕੇ ਉਸ ਨੂੰ ਇੱਕ ਕੰਪਨੀ ਵਿਚ ਕੰਮ ਕਰਨ ਲਈ ਭੇਜ ਦਿੱਤਾ | ਲਵਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਉਸ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਉਸ ਨੂੰ ਪੈਕਿੰਗ ਦੇ ਸੁਖਾਲੇ ਕੰਮ ਵਿਚ ਭੇਜਿਆ ਜਾਵੇਗਾ ਪਰ ਉੱਥੇ ਉਸ ਨੂੰ ਇੱਕ ਸਟੀਲ ਦੀ ਕੰਪਨੀ ਵਿਚ ਭੇਜ ਦਿੱਤਾ ਗਿਆ | ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨਾਲ ਤਨਖ਼ਾਹ ਵਜੋਂ 1300 ਦਰਾਮ ਪ੍ਰਤੀ ਮਹੀਨਾ ਦੇਣਾ ਤੈਅ ਹੋਇਆ ਸੀ ਜੋ ਭਾਰਤੀ ਕਰੰਸੀ ਵਿਚ 33000 ਦੇ ਕਰੀਬ ਬਣਦੀ ਹੈ | ਚਾਰ ਮਹੀਨੇ ਕੰਮ ਕਰਵਾਉਣ ਦੇ ਬਾਵਜੂਦ ਉਸ ਨੂੰ ਤਨਖ਼ਾਹ ਨਹੀਂ ਦਿੱਤੀ ਗਈ ਤੇ ਬਿਮਾਰ ਹੋਣ 'ਤੇ ਇਲਾਜ ਨਹੀਂ ਕਰਵਾਇਆ ਗਿਆ | ਉੱਥੇ ਉਸ ਦੀ ਹਾਲਤ ਖ਼ਰਾਬ ਹੋਣ ਲੱਗ ਪਈ ਤੇ ਮਾਪੇ ਚਿੰਤਤ ਹੋ ਗਏ | ਲਵਪ੍ਰੀਤ ਦੀ ਮਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫ਼ਤਰ 6 ਅਪ੍ਰੈਲ ਨੂੰ ਪਹੁੰਚ ਕਰਕੇ ਆਪਣੇ ਇਕਲੌਤੇ ਪੁੱਤਰ ਲਵਪ੍ਰੀਤ ਸਿੰਘ ਨੂੰ ਵਾਪਸ ਮੰਗਵਾਉਣ ਲਈ ਬਿਨੈ ਪੱਤਰ ਦਿੱਤਾ ਸੀ | ਲਵਪ੍ਰੀਤ ਦੀ ਮਾਤਾ ਨੇ ਦੋਸ਼ ਲਾਇਆ ਕਿ ਤਨਖ਼ਾਹ ਮੰਗਣ 'ਤੇ ਉਸ ਨੂੰ ਕੰਪਨੀ ਦੇ ਕਾਰਿੰਦੇ ਡਰਾਉਂਦੇ ਧਮਕਾਉਂਦੇ ਸਨ | ਉਸਨੇ ਦੱਸਿਆ ਕਿ ਉਨ੍ਹਾਂ ਨਵੇਂ ਸਾਲ ਨਵੀਆਂ ਉਮੀਦਾਂ ਨਾਲ ਆਪਣੇ ਲੜਕੇ ਨੂੰ ਵਿਦੇਸ਼ ਭੇਜਿਆ ਸੀ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬੀ ਨੌਜਵਾਨ ਲਵਪ੍ਰੀਤ ਸਿੰਘ ਨੂੰ ਵਾਪਸ ਮੰਗਵਾਉਣ ਲਈ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ, ਜਿਸ 'ਤੇ ਕਾਰਵਾਈ ਕਰਦਿਆਂ 13 ਮਈ ਲਵਪ੍ਰੀਤ ਸਿੰਘ ਨੂੰ ਵਾਪਸ ਭੇਜ ਦਿੱਤਾ ਸੀ | ਉਨ੍ਹਾਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਵੀ ਕੀਤਾ |