ਕਪੂਰਥਲਾ, 4 ਜੂਨ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ ਦੀ ਚੋਣ ਵਿਚ ਸ਼ਾਨਦਾਰ ਜਿੱਤ ਤੋਂ ਬਾਅਦ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਕਾਂਗਰਸ ਆਗੂਆਂ ਤੇ ਕੌਂਸਲਰਾਂ ਦੇ ਸਹਿਯੋਗ ਨਾਲ ਸ਼ਹਿਰ ਵਿਚ ਬੰਦ ਪਈਆਂ ਸਟਰੀਟ ਲਾਈਟਾਂ ਚਾਲੂ ਕਰਵਾਉਣ ਤੇ ਹੋਰ ਅਧੂਰੇ ਕਾਰਜਾਂ ਨੂੰ ਮੁਕੰਮਲ ਕਰਵਾਉਣ ਲਈ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਦੀਆਂ ਸਟਰੀਟ ਲਾਈਟ ਸਬੰਧੀ ਬਹੁਤ ਸਾਰੀਆਂ ਸ਼ਿਕਾਇਤਾਂ ਹਨ ਤੇ ਉਹ ਸਟਰੀਟ ਲਾਈਟਾਂ ਖ਼ੁਦ ਚਾਲੂ ਕਰਵਾਉਣਗੇ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ 1 ਅਕਤੂਬਰ 2025 ਤੋਂ ਉਹ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਸ਼ਹਿਰ ਦੇ ਬਾਹਰੀ ਹਿੱਸਿਆਂ ਵਿਚੋਂ ਕੂੜਾ ਚੁੱਕ ਕੇ ਡੰਪ 'ਤੇ ਸੁਟਾਉਣ ਲਈ ਕਾਰਜਸ਼ੀਲ ਹਨ ਤੇ ਇਸ ਮੰਤਵ ਲਈ ਉਨ੍ਹਾਂ ਦੀ ਟੀਮ ਕੋਲ ਦੋ ਜੇ.ਸੀ.ਬੀ., ਚਾਰ ਟਰੈਕਟਰ ਟਰਾਲੀਆਂ ਤੇ 15 ਵਿਅਕਤੀਆਂ ਦੀ ਟੀਮ ਹੈ, ਜੋ ਰੋਜ਼ਾਨਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚੋਂ ਕੂੜਾ ਇਕੱਤਰ ਕਰਕੇ ਡੰਪ 'ਤੇ ਸੁੱਟ ਰਹੀ ਹੈ | ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਕੂੜਾ ਚੁੱਕਣ ਦੇ ਕੰਮ ਵਿਚ ਕੁੱਝ ਰੁਕਾਵਟ ਪਈ ਸੀ, ਪਰ ਹੜਤਾਲ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਟੀਮ ਮੁੜ ਸ਼ਹਿਰ ਦੇ ਵੱਖ-ਵੱਖ ਡੰਪਾਂ ਤੋਂ ਕੂੜਾ ਚੁੱਕਣ ਵਿਚ ਜੁੱਟ ਗਈ ਹੈ | ਕਾਂਗਰਸ ਵਿਧਾਇਕ ਨੇ ਦੱਸਿਆ ਕਿ ਸ਼ਹਿਰ ਵਿਚੋਂ ਕੂੜਾ ਚੁੱਕਣ ਦੇ ਕਾਰਜ 'ਤੇ 9 ਲੱਖ ਰੁਪਏ ਪ੍ਰਤੀ ਮਹੀਨਾ ਖ਼ਰਚਾ ਆ ਰਿਹਾ ਹੈ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਆਪਣੇ ਖ਼ਰਚੇ 'ਤੇ ਸ਼ਹਿਰ ਦਾ ਸੀਵਰੇਜ ਸਾਫ਼ ਕਰਨ ਲਈ ਵੀ ਇਕ ਮਸ਼ੀਨ ਪਿਛਲੇ ਸਮੇਂ ਦੌਰਾਨ ਤਿਆਰ ਕਰਵਾਈ ਗਈ ਸੀ ਤੇ ਸ਼ਹਿਰ ਦੇ ਜਿਸ ਵੀ ਹਿੱਸੇ ਵਿਚ ਸੀਵਰੇਜ ਜਾਮ ਦੀ ਸਮੱਸਿਆ ਆਉਂਦੀ ਹੈ ਤਾਂ ਉਨ੍ਹਾਂ ਦੀ ਟੀਮ ਇਸ ਮਸ਼ੀਨ ਰਾਹੀਂ ਸੀਵਰੇਜ ਸਾਫ਼ ਕਰ ਰਹੀ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਰਾਹਤ ਮਹਿਸੂਸ ਹੋਈ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਹ ਨਿੱਜੀ ਤੌਰ 'ਤੇ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੇ ਕਲੋਨੀਆਂ ਵਿਚੋਂ ਸੀਵਰੇਜ ਸਾਫ਼ ਕਰਵਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਇਹ ਸਾਰੇ ਕਾਰਜ ਪਹਿਲਾਂ ਦੀ ਤਰ੍ਹਾਂ ਨਿਰੰਤਰ ਚਾਲੂ ਰਹਿਣਗੇ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਅੰਮਿ੍ਤ 2 ਸਕੀਮ ਤਹਿਤ ਉਨ੍ਹਾਂ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਜਿੱਥੇ ਪਾਣੀ ਦੇ ਪਾਈਪਾਂ ਬਿਲਕੁਲ ਖ਼ਰਾਬ ਹੋ ਚੁੱਕੀਆਂ ਹਨ, ਨੂੰ ਬਦਲ ਕੇ ਨਵੀਆਂ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ ਤੇ ਇਸ ਸਕੀਮ ਤਹਿਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਪਾਈਪਾਂ ਪਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਜਿੱਥੇ ਕਿਤੇ ਅਜੇ ਪਾਈਪਾਂ ਪਾਉਣ ਦਾ ਕੰਮ ਚਾਲੂ ਨਹੀਂ ਹੋਇਆ, ਉਨ੍ਹਾਂ ਥਾਵਾਂ 'ਤੇ ਵੀ ਪਾਈਪਾਂ ਪਾ ਕੇ ਸ਼ਹਿਰ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਪੁਰਾਣੀਆਂ ਪਾਈਪਾਂ ਹੋਣ ਕਾਰਨ ਬਰਸਾਤ ਦੇ ਮੌਸਮ ਵਿਚ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿਚ ਸੀਵਰੇਜ ਦਾ ਪਾਣੀ ਦਾਖਲ ਹੋਣ ਕਾਰਨ ਲੋਕ ਦੂਸ਼ਿਤ ਪਾਣੀ ਕਾਰਨ ਪ੍ਰੇਸ਼ਾਨੀਆਂ ਵਿਚੋਂ ਗੁਜ਼ਰਦੇ ਸਨ ਤੇ ਵੱਖ-ਵੱਖ ਖੇਤਰਾਂ ਵਿਚ ਲੋਕ ਦੂਸ਼ਿਤ ਪਾਣੀ ਕਾਰਨ ਵੱਡੀ ਗਿਣਤੀ ਵਿਚ ਲੋਕ ਪ੍ਰਭਾਵਿਤ ਹੋਏ ਸਨ ਤੇ ਇਸ ਸਕੀਮ ਦੇ ਮੁਕੰਮਲ ਹੋਣ ਨਾਲ ਲੋਕਾਂ ਨੂੰ ਦੂਸ਼ਿਤ ਪਾਣੀ ਤੋਂ ਨਿਜਾਤ ਮਿਲੇਗੀ |