ਕਪੂਰਥਲਾ, 4 ਜੂਨ (ਸਡਾਨਾ)-ਇਕ ਵਿਅਕਤੀ ਪਾਸੋਂ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋਏ ਤਿੰਨ ਲੁਟੇਰਿਆਂ ਨੂੰ ਸਦਰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਸ਼ਿਤੋਲੀ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਰਜ਼ਾਪੁਰ ਨੇ ਦੱਸਿਆ ਕਿ ਉਹ ਆਪਣੀ ਮੋਟਰਸਾਈਕਲ ਰੇਹੜੀ 'ਤੇ ਬੂਟੇ ਵੇਚਣ ਦਾ ਕੰਮ ਕਰਦਾ ਹੈ ਤੇ ਬੀਤੇ ਦਿਨ ਜਦੋਂ ਉਹ ਦੁਪਹਿਰ ਕਰੀਬ 12 ਵਜੇ ਬੂਟੇ ਵੇਚ ਕੇ ਵਾਪਸ ਆ ਰਿਹਾ ਸੀ ਤਾਂ ਪਿੰਡ ਰਜ਼ਾਪੁਰ ਨੇੜੇ ਸਕੂਟਰੀ 'ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਨੇ ਉਸ ਨੂੰ ਜਬਰੀ ਰੋਕ ਲਿਆ ਤੇ ਉਸ 'ਤੇ ਦਾਤਰ ਨਾਲ ਵਾਰ ਕਰਦੇ ਹੋਏ ਉਸ ਦਾ ਮੋਬਾਈਲ ਫ਼ੋਨ ਖੋਹ ਲਿਆ ਤੇ ਫ਼ਰਾਰ ਹੋ ਗਏ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਆਪਣੇ ਪੱਧਰ 'ਤੇ ਵਿਅਕਤੀਆਂ ਦੀ ਭਾਲ ਕੀਤੀ, ਜਿਸ 'ਤੇ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਖੋਹ ਦੀ ਵਾਰਦਾਤ ਨੂੰ ਅੰਜਾਮ ਕਥਿਤ ਦੋਸ਼ੀ ਰਸ਼ਪਾਲ ਸਿੰਘ ਵਾਸੀ ਵਡਾਲਾ ਖੁਰਦ, ਅਜੈ ਉਰਫ਼ ਘੋੜਾ ਵਾਸੀ ਸਰਕੁਲਰ ਰੋਡ ਤੇ ਮਨਪ੍ਰੀਤ ਉਰਫ਼ ਗੋਲੂ ਵਾਸੀ ਸਰਕੁਲਰ ਰੋਡ ਨਵੀਂ ਆਬਾਦੀ ਨੇ ਦਿੱਤਾ ਹੈ, ਜਿਸ 'ਤੇ ਸਦਰ ਪੁਲਿਸ ਨੇ ਉਕਤ ਤਿੰਨਾਂ ਵਿਅਕਤੀਆਂ ਵਿਰੁੱਧ ਖੋਹ ਦਾ ਕੇਸ ਦਰਜ ਕਰਕੇ ਇਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਵਾਰਦਾਤ ਸਮੇਂ ਵਰਤੀ ਗਈ ਸਕੂਟਰੀ ਵੀ ਬਰਾਮਦ ਕਰ ਲਈ ਗਈ ਹੈ |