ਨਡਾਲਾ, 6 ਜੂਨ (ਰਘਬਿੰਦਰ ਸਿੰਘ)-ਹਲਕਾ ਭੁਲੱਥ ਅਧੀਨ ਪੈਂਦੇ ਨਡਾਲਾ-ਬੇਗੋਵਾਲ ਮੁੱਖ ਮਾਰਗ 'ਤੇ ਹੋਰਨਾਂ ਸੜਕਾਂ ਤੇ ਬਿਨਾਂ ਨੰਬਰ ਪਲੇਟਾਂ ਵਾਲੇ ਟਿੱਪਰ ਅਤੇ ਟਰਾਲੇ ਬੇਖ਼ੌਫ਼ ਹੋ ਕੇ ਦੌੜ ਰਹੇ ਹਨ, ਜਿਸ ਕਾਰਨ ਆਮ ਲੋਕਾਂ ਅਤੇ ਰਾਹਗੀਰਾਂ ਵਿਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ | ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕਈ ਟਿੱਪਰਾਂ ਅਤੇ ਟਰਾਲਿਆਂ 'ਤੇ ਨਾ ਤਾਂ ਰਜਿਸਟ੍ਰੇਸ਼ਨ ਨੰਬਰ ਲਿਖੇ ਹੋਏ ਹਨ ਅਤੇ ਨਾ ਹੀ ਕੋਈ ਪਛਾਣ ਚਿੰਨ, ਜਿਸ ਨਾਲ ਹਾਦਸਾ ਹੋਣ ਦੀ ਸੂਰਤ ਵਿਚ ਵਾਹਨ ਦੀ ਪਛਾਣ ਕਰਨੀ ਮੁਸ਼ਕਲ ਹੋ ਜਾਂਦੀ ਹੈ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਵਾਹਨ ਅਕਸਰ ਤੇਜ਼ ਰਫ਼ਤਾਰ ਨਾਲ ਸੜਕਾਂ 'ਤੇ ਦੌੜਦੇ ਹਨ ਅਤੇ ਟ੍ਰੈਫਿਕ ਨਿਯਮਾਂ ਦੀ ਖੁੱਲੇਆਮ ਉਲੰਘਣਾ ਕਰਦੇ ਹਨ | ਸਕੂਲੀ ਬੱਚਿਆਂ, ਦੋਪਹੀਆ ਵਾਹਨ ਚਾਲਕਾਂ ਅਤੇ ਪੈਦਲ ਰਾਹਗੀਰਾਂ ਦੀ ਸੁਰੱਖਿਆ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਕਈ ਵਾਰ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਗਿਆ ਹੈ, ਪਰ ਅਜੇ ਤੱਕ ਕੋਈ ਸਖ਼ਤ ਕਾਰਵਾਈ ਨਜ਼ਰ ਨਹੀਂ ਆਈ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ | ਇਲਾਕਾ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ, ਟਰਾਂਸਪੋਰਟ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਿਨਾਂ ਨੰਬਰ ਪਲੇਟਾਂ ਵਾਲੇ ਟਿੱਪਰਾਂ ਅਤੇ ਟਰਾਲਿਆਂ ਦੀ ਤੁਰੰਤ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਸੜਕਾਂ 'ਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ | ਅਤੇ ਉਨਾਂ ਇਹ ਵੀ ਮੰਗ ਕੀਤੀ ਕਿ ਦਿਨ ਵੇਲੇ ਇਹਨਾਂ ਦੀ ਆਮਦ ਤੇ ਲੱਗੀ ਪਾਬੰਦੀ ਦੀ ਮਿਆਦ ਹੋਰ ਵਧਾਈ ਜਾਵੇ.