ਸੁਲਤਾਨਪੁਰ ਲੋਧੀ, 10 ਜੂਨ (ਨਰੇਸ਼ ਹੈਪੀ, ਥਿੰਦ)-ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੰਡੇਮਾਨ-ਨਿਕੋਬਾਰ ਟਾਪੂ ਸਮੂਹ ਵਿਚ ਲਗਭਗ ਡੇਢ ਕਰੋੜ ਰੁੱਖਾਂ ਦੀ ਕਟਾਈ ਸੰਬੰਧੀ ਪ੍ਰਸਤਾਵਿਤ ਯੋਜਨਾ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ | ਉਨ੍ਹਾਂ ਨੇ ਕੇਂਦਰੀ ਜੰਗਲਾਤ ਅਤੇ ਵਾਤਾਵਰਣ ਮੰਤਰੀ ਨੂੰ ਪੱਤਰ ਲਿਖ ਕੇ ਇਸ ਪ੍ਰੋਜੈਕਟ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਹੈ | ਸਾਲ 2020 ਤੋਂ ਚੱਲ ਰਹੇ ਇਸ ਪ੍ਰੋਜੈਕਟ ਤਹਿਤ ਵੱਡੇ ਪੱਧਰ 'ਤੇ ਰੁੱਖਾਂ ਦੀ ਕਟਾਈ ਨਾਲ ਟਾਪੂਆਂ ਦਾ ਨਾਜ਼ੁਕ ਵਾਤਾਵਰਣ ਸੰਤੁਲਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਭਾਰਤ ਵਿਚ ਪਹਿਲਾਂ ਹੀ ਜੰਗਲਾਂ ਹੇਠਲਾ ਰਕਬਾ ਬਹੁਤ ਘੱਟ ਹੈ, ਜਦਕਿ ਆਲਮੀ ਤਪਸ਼ ਅਤੇ ਜਲਵਾਯੂ ਤਬਦੀਲੀ ਵਰਗੀਆਂ ਚੁਨੌਤੀਆਂ ਦੇ ਮੱਦੇਨਜ਼ਰ ਇਸ ਸਮੇਂ ਰੁੱਖਾਂ ਦੀ ਸੰਭਾਲ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ | ਸੰਤ ਸੀਚੇਵਾਲ ਨੇ ਕਿਹਾ ਕਿ ਪੂਰੀ ਦੁਨੀਆ ਇਸ ਵੇਲੇ ਜਲਵਾਯੂ ਤਬਦੀਲੀ ਅਤੇ ਵਧ ਰਹੇ ਤਾਪਮਾਨ ਦੀ ਸਮੱਸਿਆ ਨਾਲ ਜੂਝ ਰਹੀ ਹੈ | ਅਜਿਹੇ ਸਮੇਂ ਵਿਚ ਡੇਢ ਕਰੋੜ ਰੁੱਖਾਂ ਦੀ ਕਟਾਈ ਦੀ ਯੋਜਨਾ ਬਹੁਤ ਹੀ ਮੰਦਭਾਗੀ ਅਤੇ ਚਿੰਤਾਜਨਕ ਹੈ | ਜੰਗਲਾਂ ਵਿਚ ਕਈ ਅਜਿਹੇ ਦੁਰਲੱਭ ਅਤੇ ਵਿਲੱਖਣ ਕਿਸਮ ਦੇ ਰੁੱਖ ਅਤੇ ਜੀਵ-ਜੰਤੂ ਪਾਏ ਜਾਂਦੇ ਹਨ ਜੋ ਦੁਨੀਆ ਦੇ ਹੋਰ ਕਿਸੇ ਖੇਤਰ ਵਿਚ ਨਹੀਂ ਮਿਲਦੇ | ਇੰਨੀ ਵੱਡੀ ਗਿਣਤੀ ਵਿਚ ਰੁੱਖਾਂ ਦੀ ਕਟਾਈ ਵਿਕਾਸ ਨਹੀਂ, ਸਗੋਂ ਵਿਨਾਸ਼ ਵੱਲ ਇੱਕ ਖ਼ਤਰਨਾਕ ਕਦਮ ਸਾਬਤ ਹੋ ਸਕਦੀ ਹੈ | ਜਾਣਕਾਰੀ ਮੁਤਾਬਿਕ ਇੱਕ ਟਾਪੂ 'ਤੇ ਮੌਜੂਦ ਲਗਭਗ 18.65 ਲੱਖ ਰੁੱਖਾਂ ਵਿਚੋਂ ਕਰੀਬ 7 ਲੱਖ ਰੁੱਖ ਕੱਟਣ ਦੀ ਯੋਜਨਾ ਹੈ | ਇਹ ਗਿਣਤੀ ਆਪਣੇ ਆਪ ਵਿਚ ਬਹੁਤ ਵੱਡੀ ਹੈ | ਇਸ ਤੋਂ ਇਲਾਵਾ 161 ਵਰਗ ਕਿੱਲੋਮੀਟਰ ਖੇਤਰਫਲ ਵਾਲੇ ਉਸ ਟਾਪੂ ਵਿਚ ਵੀ ਰੁੱਖਾਂ ਦੀ ਕਟਾਈ ਕੀਤੀ ਜਾਣੀ ਹੈ, ਜੋ ਖੇਤਰਫਲ ਦੇ ਹਿਸਾਬ ਨਾਲ ਦਿੱਲੀ ਤੋਂ ਲਗਭਗ ਚਾਰ ਗੁਣਾ ਵੱਡਾ ਹੈ | ਉਨ੍ਹਾਂ ਕਿਹਾ ਕਿ ਅੰਡੇਮਾਨ-ਨਿਕੋਬਾਰ ਦੇ ਜੰਗਲਾਂ ਅਤੇ ਸਮੁੰਦਰੀ ਜੀਵ-ਜੰਤੂਆਂ ਦੀ ਸੁਰੱਖਿਆ ਨੂੰ ਲੈ ਕੇ ਨੈਸ਼ਨਲ ਗ੍ਰੀਨ ਟਿ੍ਬਿਊਨਲ ਵੀ ਗੰਭੀਰ ਹੈ | ਸਾਡਾ ਉਦੇਸ਼ ਧਰਤੀ ਦੇ ਹਰ ਕੋਨੇ ਨੂੰ ਹਰਿਆ-ਭਰਿਆ ਬਣਾਉਣਾ ਹੋਣਾ ਚਾਹੀਦਾ ਹੈ, ਨਾ ਕਿ ਮੌਜੂਦਾ ਜੰਗਲਾਂ ਨੂੰ ਨਸ਼ਟ ਕਰਨਾ | ਜ਼ਿਕਰਯੋਗ ਹੈ ਕਿ ਲਗਭਗ 80 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ ਕਰੀਬ ਤਿੰਨ ਲੱਖ ਲੋਕਾਂ ਨੂੰ ਬਾਹਰੋਂ ਲਿਆ ਕੇ ਇੱਥੇ ਵਸਾਉਣ ਦੀ ਯੋਜਨਾ ਦੱਸੀ ਜਾ ਰਹੀ ਹੈ |