ਕਪੂਰਥਲਾ, 17 ਜੂਨ (ਵਿ.ਪ੍ਰ.)-ਬੱਕਰਖਾਨਾ ਚੌਂਕ ਮੁਹੱਲਾ ਰਾਇਕਾ ਵਿਖੇ ਸਰਕਾਰ ਬਾਬਾ ਦੀਨੇ ਸ਼ਾਹ ਦਾ ਸਾਲਾਨਾ ਦੋ ਦਿਨਾਂ ਉਰਸ ਮੇਲਾ ਸ਼ਰਧਾ, ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ | ਮੁੱਖ ਸੇਵਾਦਾਰ ਅਭੀ (ਕਾਦਰੀ) ਦੀ ਅਗਵਾਈ ਹੇਠ ਮੇਲਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ ਇਸ ਦੋ ਰੋਜ਼ਾ ਧਾਰਮਿਕ ਸਮਾਗਮ ਵਿਚ ਇਲਾਕੇ ਸਮੇਤ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਮੇਲੇ ਦੇ ਪਹਿਲੇ ਦਿਨ ਸ਼ਾਮ ਨੂੰ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ, ਜਿਸ ਤੋਂ ਬਾਅਦ ਰਾਤ ਨੂੰ ਮਹਿੰਦੀ ਦੀ ਰਸਮ ਅਤੇ ਕੱਵਾਲੀ ਦਾ ਸ਼ਾਨਦਾਰ ਪ੍ਰੋਗਰਾਮ ਹੋਇਆ | ਇਸ ਦੌਰਾਨ ਪ੍ਰਸਿੱਧ ਕਲਾਕਾਰਾਂ ਅਤੇ ਕੱਵਾਲਾਂ ਨੇ ਆਪਣੀ ਸੁਰੀਲੀ ਪੇਸ਼ਕਾਰੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਮੇਲੇ ਦੇ ਦੂਜੇ ਦਿਨ ਸਵੇਰੇ 11 ਵਜੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਇਸ ਤੋਂ ਬਾਅਦ ਦੁਪਹਿਰ 12 ਵਜੇ ਝੰਡੇ ਦੀ ਰਸਮ ਕੌਂਸਲਰ ਕੋਮਲ ਸਹੋਤਾ (ਗਾਗਾ), ਮੁੱਖ ਸੇਵਾਦਾਰ ਅਭੀ (ਕਾਦਰੀ), ਬਾਬਾ ਰਾਣੇ ਸ਼ਾਹ ਤੇ ਬਾਬਾ ਸੰਨੀ ਸ਼ਾਹ ਵੱਲੋਂ ਸਾਂਝੇ ਤੌਰ ‘ਤੇ ਨਿਭਾਈ ਗਈ | ਦੁਪਹਿਰ ਵੇਲੇ ਚੱਲੇ ਕੱਵਾਲੀ ਪ੍ਰੋਗਰਾਮ ਦੌਰਾਨ ਪ੍ਰਸਿੱਧ ਕੱਵਾਲਾਂ ਅਤੇ ਗਾਇਕਾਂ ਨੇ ਬਾਬਾ ਜੀ ਦੀ ਸ਼ਾਨ ਵਿਚ ਸੂਫ਼ੀਆਨਾ ਕਲਾਮ ਪੇਸ਼ ਕਰਕੇ ਹਾਜ਼ਰੀਨ ਨੂੰ ਅਧਿਆਤਮਿਕ ਰੰਗ ਵਿਚ ਰੰਗ ਦਿੱਤਾ | ਸਮਾਗਮ ਦੌਰਾਨ ਰਾਂਝਣ ਅਲੀ, ਦੇਵ ਸਹੋਤਾ, ਦੀਪਕ ਕੱਵਾਲ, ਤਨਵੀਰ ਹੁਸੈਨ (ਕੱਵਾਲ), ਨਜ਼ਾਕਤ ਅਲੀ, ਘੁੱਲਾ ਕਪੂਰਥਲਾ ਅਤੇ ਹੋਰ ਪ੍ਰਸਿੱਧ ਕਲਾਕਾਰਾਂ ਨੇ ਹਾਜ਼ਰੀ ਲਗਾ ਕੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ | ਮੁੱਖ ਸੇਵਾਦਾਰ ਅਭੀ (ਕਾਦਰੀ) ਨੇ ਦੱਸਿਆ ਕਿ ਮੇਲੇ ਦੌਰਾਨ ਆਉਣ ਵਾਲੀਆਂ ਸੰਗਤਾਂ ਲਈ ਲੰਗਰ, ਪੀਣ ਵਾਲੇ ਪਾਣੀ ਅਤੇ ਹੋਰ ਸਹੂਲਤਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ | ਅੰਤ ਵਿਚ ਦਰਗਾਹ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਦੀਨੇ ਸ਼ਾਹ ਦੀ ਕਿਰਪਾ ਸਦਕਾ ਇਹ ਮੇਲਾ ਹਰ ਸਾਲ ਇਲਾਕੇ ਵਿਚ ਭਾਈਚਾਰੇ, ਪਿਆਰ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਰਹੇਗਾ | ਇਸ ਮੌਕੇ ਕੁਲਵਿੰਦਰ ਕੈਫ, ਪ੍ਰਸ਼ੋਤਮ ਅਰੋੜਾ, ਹਨੀ ਨਾਹਰ, ਸੁਸ਼ੀਲ ਕੁਮਾਰ, ਸ਼ਿਵਾ ਗਿੱਲ, ਸੁਮਿਤ ਗਿੱਲ, ਸੰਜੂ ਗਿੱਲ, ਮੋਹਿਤ ਪੁਰੀ, ਅੰਸ਼ੂ, ਪੰਕਜ ਕਲਿਆਣ, ਹੀਰਾ, ਵਿਸ਼ਾਲ, ਅਤੁਲ, ਵਿੱਕੀ ਗੁਜਰਾਲ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ |